ਲੁਧਿਆਣਾ: ਲੁੱਟਖੋਹ ਗਿਰੋਹ ਦਾ ਪਰਦਾਫ਼ਾਸ਼! ਤੇਜ਼ਧਾਰ ਹਥਿਆਰ ਅਤੇ ਆਟੋ ਰਿਕਸ਼ਾ ਸਮੇਤ ਦੋ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 25 ਮਈ 2026- ਬੀਤੇ 23 ਮਈ ਨੂੰ ਦਲੀਪ ਕੁਮਾਰ ਮੋਰਿਆ ਪੁੱਤਰ ਲਾਲ ਮਨ ਮੋਰਿਆ ਵਾਸੀ ਰਾਜਾਹੀ ਕੈਂਪ, ਵਾਰਾਣਸੀ (ਉੱਤਰ ਪ੍ਰਦੇਸ਼) ਵੱਲੋਂ ਦਰਖਾਸਤ ਰਾਹੀਂ ਬਿਆਨ ਦਿੱਤਾ ਗਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਲਈ ਲੁਧਿਆਣਾ ਆਇਆ ਸੀ। ਕਰੀਬ 04:45 ਵਜੇ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਤੋਂ ਬਾਅਦ ਉਸਨੇ ਸ਼ਿਮਲਾਪੁਰੀ ਜਾਣ ਲਈ ਇੱਕ ਆਟੋ ਰਿਕਸ਼ਾ ਕੀਤਾ। ਆਟੋ ਵਿੱਚ ਪਹਿਲਾਂ ਤੋਂ ਕੁਝ ਹੋਰ ਸਵਾਰੀਆਂ ਅਤੇ ਆਟੋ ਚਾਲਕ ਦੇ ਸਾਥੀ ਮੌਜੂਦ ਸਨ।
ਰਸਤੇ ਵਿੱਚ ਦੋਸ਼ੀਆਂ ਵੱਲੋਂ ਆਟੋ ਦੇ ਪਰਦੇ ਬੰਦ ਕਰਕੇ ਸਵਾਰੀਆਂ ਨੂੰ ਕਾਫੀ ਸਮੇਂ ਤੱਕ ਨਾ ਉਤਾਰਿਆ ਗਿਆ ਅਤੇ ਅੱਗੇ ਜਾ ਕੇ ਦਾਤਰ ਦੀ ਨੋਕ ਤੇ ਮਾਰਕੁਟਾਈ ਕਰਦਿਆਂ ਲੁੱਟਖੋਹ ਕੀਤੀ ਗਈ। ਦੋਸ਼ੀਆਂ ਵੱਲੋਂ ਪੀੜਤ ਦਾ ਮੋਬਾਇਲ ਫੋਨ ਖੋਹ ਕੇ ਜਬਰਦਸਤੀ ਪਾਸਵਰਡ ਲਿਆ ਗਿਆ ਅਤੇ ਉਸਦੇ ਖਾਤੇ ਵਿਚੋਂ 58,300/- ਰੁਪਏ 4 ਟਰਾਂਜ਼ੈਕਸ਼ਨਾਂ ਰਾਹੀਂ ਇੱਕ ICICI ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਏ ਗਏ। ਵਾਰਦਾਤ ਤੋਂ ਬਾਅਦ ਪੀੜਤ ਨੂੰ ਜੋਧੇਵਾਲ ਇਲਾਕੇ ਵਿੱਚ ਉਤਾਰ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਸਵਪਨ ਸ਼ਰਮਾ, ਆਈ.ਪੀ.ਐੱਸ., ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ ਰੁਪਿੰਦਰ ਸਿੰਘ ਆਈ .ਪੀ.ਐੱਸ.ਵਧੀਕ ਕਮਿਸ਼ਨਰ ਪੁਲਿਸ ਲੁਧਿਆਣਾ, ਸਮੀਰ ਵਰਮਾ ਪੀ.ਪੀ.ਐੱਸ. ਏ.ਡੀ.ਸੀ.ਪੀ. ਜੋਨ-1 ਅਤੇ ਕਿੱਕਰ ਸਿੰਘ ਪੀ.ਪੀ.ਐੱਸ. ਏ.ਸੀ.ਪੀ. ਸਬ ਡਵੀਜ਼ਨ ਉੱਤਰੀ ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਦਰੇਸੀ ਲੁਧਿਆਣਾ ਅਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 103 ਮਿਤੀ 23/05/2026 ਅ/ਧ 304, 3(5) ਬੀ.ਐਨ.ਐੱਸ. ਥਾਣਾ ਦਰੇਸੀ ਲੁਧਿਆਣਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਮੁੱਖ ਦੋਸ਼ੀ ਗਗਨ ਧੀਰ ਪੁੱਤਰ ਸੰਜੀਵ ਧੀਰ ਵਾਸੀ ਸਰਕਾਰੀ ਫਲੈਟ ਨੰ.12, ਰਾਮ ਨਗਰ, 33 ਫੁੱਟਾ ਰੋਡ, ਥਾਣਾ ਜਮਾਲਪੁਰ ਲੁਧਿਆਣਾ ਅਤੇ ਰੋਹਿਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਕਾਨ ਨੰ.1734, ਗਲੀ ਨੰ.02, ਇਸਲਾਮ ਗੰਜ, ਥਾਣਾ ਡਵੀਜ਼ਨ ਨੰ.02 ਲੁਧਿਆਣਾ ਨੂੰ ਮਿਤੀ 24/05/2026 ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਪਾਸੋਂ ਇੱਕ ਆਟੋ ਰਿਕਸ਼ਾ, ਇੱਕ ਮੋਬਾਇਲ ਫੋਨ ਮਾਰਕਾ OPPO ਅਤੇ ਇੱਕ ਲੋਹਾ ਦਾਤਰ ਬ੍ਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਰਾਮ ਕ੍ਰਿਸ਼ਨ ਉਰਫ ਰਾਮਾ ਪੁੱਤਰ ਮਲਕੀਤ ਚੰਦ ਵਾਸੀ ਭੋਲਾ ਕਲੋਨੀ, ਤਾਜਪੁਰ ਰੋਡ ਲੁਧਿਆਣਾ ਅਤੇ ਮੁਕੇਸ਼ ਸ਼ਰਮਾ ਉਰਫ ਗੌਰਵ ਪੁੱਤਰ ਅਰੁਣ ਸ਼ਰਮਾ ਵਾਸੀ ਪਿੰਡ ਤਾਜਪੁਰ ਲੁਧਿਆਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।