ਹਵਾਰਾ ਦੀ ਪੈਰੋਲ ਦਾ CBI ਵੱਲੋਂ ਹਾਈਕੋਰਟ 'ਚ ਤਿੱਖਾ ਵਿਰੋਧ; ਕਿਹਾ- "ਜੇਲ੍ਹ 'ਚੋਂ ਭੱਜਣ ਦਾ ਰਿਕਾਰਡ, ਬਾਹਰ ਆਇਆ ਤਾਂ ਹੋ ਸਕਦੈ ਫ਼ਰਾਰ"
CBI ਨੇ ਜਵਾਬ ਦਾਇਰ ਕਰਕੇ ਕਿਹਾ- ਪੈਰੋਲ ਮਿਲਣ 'ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ 'ਚ ਮੁੜ ਸ਼ਾਮਲ ਹੋਣ ਦਾ ਖ਼ਦਸ਼ਾ
ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਹੈ 4 ਹਫ਼ਤਿਆਂ ਦੀ ਪੈਰੋਲ; ਫ਼ਤਿਹਗੜ੍ਹ ਸਾਹਿਬ ਦੇ ਪਿੰਡ ਦੀ ਪੰਚਾਇਤ ਨੇ ਦਿੱਤੀ ਹੈ ਸਹਿਮਤੀ
ਹਾਈਕੋਰਟ ਨੇ ਸੀਬੀਆਈ ਦਾ ਜਵਾਬ ਰਿਕਾਰਡ 'ਤੇ ਲੈਂਦਿਆਂ ਅਗਲੀ ਸੁਣਵਾਈ 3 ਜੂਨ ਤੱਕ ਟਾਲੀ
ਚੰਡੀਗੜ੍ਹ, 27 ਮਈ 2026: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਮੰਗਲਵਾਰ ਨੂੰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੇਂਦਰੀ ਜਾਂਚ ਏਜੰਸੀ (CBI) ਨੇ ਆਪਣਾ ਜਵਾਬ ਦਾਇਰ ਕਰਦਿਆਂ ਹਵਾਰਾ ਦੀ ਰਿਹਾਈ ਦਾ ਸਖ਼ਤ ਵਿਰੋਧ ਕੀਤਾ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਹਵਾਰਾ ਨੂੰ ਪੈਰੋਲ ਦਿੱਤੀ ਜਾਂਦੀ ਹੈ, ਤਾਂ ਇਸ ਗੱਲ ਦਾ ਪੱਕਾ ਖ਼ਦਸ਼ਾ ਹੈ ਕਿ ਉਹ ਫ਼ਰਾਰ ਹੋ ਸਕਦਾ ਹੈ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ 'ਬੱਬਰ ਖਾਲਸਾ ਇੰਟਰਨੈਸ਼ਨਲ' ਵਿੱਚ ਦੁਬਾਰਾ ਸਰਗਰਮ ਹੋ ਸਕਦਾ ਹੈ।
ਹਵਾਰਾ ਦੀ ਪੈਰੋਲ ਪਟੀਸ਼ਨ ਦਾ ਵਿਰੋਧ ਕਰਦਿਆਂ ਸੀਬੀਆਈ ਨੇ ਦਲੀਲ ਦਿੱਤੀ ਕਿ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਖ਼ਤਰਨਾਕ ਰਿਹਾ ਹੈ। ਏਜੰਸੀ ਨੇ ਯਾਦ ਦਿਵਾਇਆ ਕਿ ਸਾਲ 2004 ਵਿੱਚ ਹਵਾਰਾ ਆਪਣੇ ਸਾਥੀਆਂ ਸਮੇਤ ਇੱਕ ਗੁਪਤ ਸੁਰੰਗ ਪੁੱਟ ਕੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਭੱਜ ਚੁੱਕਾ ਹੈ, ਜਿਸ ਨੂੰ ਬਾਅਦ ਵਿੱਚ ਇੱਕ ਸਾਲ ਦੀ ਮੁਸ਼ੱਕਤ ਤੋਂ ਬਾਅਦ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ।
ਏਜੰਸੀ ਮੁਤਾਬਕ ਹਵਾਰਾ ਦੇ ਬੱਬਰ ਖਾਲਸਾ ਵਰਗੇ ਸੰਗਠਨਾਂ ਨਾਲ ਸਬੰਧ ਰਹੇ ਹਨ, ਇਸ ਲਈ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਪੈਰੋਲ ਨਹੀਂ ਮਿਲਣੀ ਚਾਹੀਦੀ। ਹਾਈਕੋਰਟ ਨੇ ਸੀਬੀਆਈ ਦੇ ਇਸ ਜਵਾਬ ਨੂੰ ਰਿਕਾਰਡ 'ਤੇ ਲੈਂਦਿਆਂ ਮਾਮਲੇ ਦੀ ਅਗਲੀ ਸੁਣਵਾਈ 3 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
ਹਵਾਰਾ ਨੇ ਬਿਮਾਰ ਮਾਂ ਦਾ ਦਿੱਤਾ ਹਵਾਲਾ, ਪਿੰਡ ਦੀ ਪੰਚਾਇਤ ਵੀ ਸਹਿਮਤ
ਦੂਜੇ ਪਾਸੇ ਜਗਤਾਰ ਸਿੰਘ ਹਵਾਰਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਪਿਛਲੇ 28 ਸਾਲ ਅਤੇ 9 ਮਹੀਨਿਆਂ ਤੋਂ ਲਗਾਤਾਰ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਦੌਰਾਨ ਉਸ ਨੇ ਕਦੇ ਵੀ ਪੈਰੋਲ ਦੀ ਮੰਗ ਨਹੀਂ ਕੀਤੀ। ਉਸ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰਨ ਲਈ ਅਦਾਲਤ ਪਾਸੋਂ ਚਾਰ ਹਫ਼ਤਿਆਂ ਦੀ ਪੈਰੋਲ ਮੰਗੀ ਹੈ। ਹਵਾਰਾ ਦੇ ਵਕੀਲ ਨੇ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ 'ਹਵਾਰਾ ਕਲਾਂ' ਦੀ ਪੰਚਾਇਤ, ਜਿੱਥੇ ਉਸ ਦੀ ਮਾਂ ਰਹਿੰਦੀ ਹੈ, ਨੇ ਵੀ ਉਸ ਦੀ ਆਮਦ 'ਤੇ ਆਪਣੀ ਲਿਖਤੀ ਸਹਿਮਤੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਕਿਹਾ ਸੀ ਕਿ ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਹੈ, ਇਸ ਲਈ ਉਸ ਨੂੰ ਪੈਰੋਲ ਲਈ ਦਿੱਲੀ ਪ੍ਰਸ਼ਾਸਨ ਅਤੇ ਢੁਕਵੇਂ ਚੈਨਲਾਂ ਰਾਹੀਂ ਹੀ ਪਹੁੰਚ ਕਰਨੀ ਚਾਹੀਦੀ ਹੈ। ਹੁਣ ਸਭ ਦੀਆਂ ਨਜ਼ਰਾਂ 3 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ 'ਤੇ ਟਿਕੀਆਂ ਹੋਈਆਂ ਹਨ।
- Download Babushahi App
-
-