ਲੁਧਿਆਣਾ (ਪੱਛਮੀ) ਵਿੱਚ ਨਾਗਰਿਕ ਸੁਵਿਧਾਵਾਂ ਦੀ ਅਣਦੇਖੀ ਬੇਨਕਾਬ
ਟੁੱਟੀਆਂ ਸੜਕਾਂ ਤੋਂ ਕੂੜਾ ਸੰਕਟ ਤੱਕ: ਦੀਵਾਨ ਨੇ ਲੁਧਿਆਣਾ (ਪੱਛਮੀ) ਦੀਆਂ ਨਾਗਰਿਕ ਸਮੱਸਿਆਵਾਂ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ
ਪ੍ਰਮੋਦ ਭਾਰਤੀ
ਲੁਧਿਆਣਾ, 18 ਮਾਰਚ,2026 ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ਤੋਂ ਕਾਂਗਰਸ ਦੇ ਕਈ ਆਗੂਆਂ ਦੇ ਨਾਲ ਮਿਲ ਕੇ ਮਿਊਂਸਿਪਲ ਕਮਿਸ਼ਨਰ ਲੁਧਿਆਣਾ ਡਾ. ਨੀਰੂ ਕਤਿਆਲ ਗੁਪਤਾ ਨੂੰ ਇੱਕ ਮੈਮੋਰੈਂਡਮ ਸੌਂਪਿਆ। ਇਸ ਮੈਮੋਰੈਂਡਮ ਵਿੱਚ ਲੁਧਿਆਣਾ (ਪੱਛਮੀ) ਵਿੱਚ ਗੰਭੀਰ ਨਾਗਰਿਕ ਸੁਵਿਧਾਵਾਂ ਦੀ ਅਣਦੇਖੀ ਨੂੰ ਉਜਾਗਰ ਕੀਤਾ ਗਿਆ ਸੀ, ਜਿੱਥੇ ਨਿਵਾਸੀ ਟੁੱਟੀਆਂ ਸੜਕਾਂ, ਅਣਨਿਯਮਿਤ ਪਾਣੀ ਸਪਲਾਈ, ਓਵਰਫਲੋਅ ਹੋ ਰਹੇ ਸੀਵਰੇਜ, ਖਰਾਬ ਸਟ੍ਰੀਟ ਲਾਈਟਾਂ, ਉਜੜੇ ਪਾਰਕਾਂ, ਨਾ ਉਠਾਇਆ ਗਿਆ ਕੂੜਾ ਅਤੇ ਸਫਾਈ ਦੀ ਭਾਰੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਮੈਮੋਰੈਂਡਮ ਸੌਂਪਣ ਤੋਂ ਬਾਅਦ ਇੱਥੇ ਜਾਰੀ ਬਿਆਨ ਵਿੱਚ, ਦੀਵਾਨ ਨੇ ਹੈਰਾਨੀ ਜਤਾਈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਹੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਆਪਣੇ ਹਲਕੇ ਦੇ ਵਸਨੀਕਾਂ ਨੂੰ ਬੁਨਿਆਦੀ ਨਾਗਰਿਕ ਸੁਵਿਧਾਵਾਂ ਦੀ ਕਮੀ ਕਾਰਨ ਇੰਨੀ ਮੁਸ਼ਕਲਾਂ ਝੱਲਣ ਲਈ ਛੱਡ ਦਿੱਤਾ ਹੈ। ਮੰਤਰੀ ‘ਤੇ ਤੰਜ ਕੱਸਦਿਆਂ ਦੀਵਾਨ ਨੇ ਕਿਹਾ ਕਿ ਜੇ ਮੰਤਰੀ ਆਪਣੇ ਹੀ ਹਲਕੇ ਨੂੰ ਠੀਕ ਨਹੀਂ ਕਰ ਸਕਦੇ, ਤਾਂ ਪੰਜਾਬ ਦੇ ਬਾਕੀ 116 ਵਿਧਾਨ ਸਭਾ ਹਲਕਿਆਂ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਮੈਮੋਰੈਂਡਮ ਦੇ ਵੇਰਵੇ ਦਿੰਦਿਆਂ ਦੀਵਾਨ ਨੇ ਕਿਹਾ ਕਿ ਲੁਧਿਆਣਾ (ਪੱਛਮੀ) ਦੇ ਵਸਨੀਕ ਇੱਕ ਬੇਮਿਸਾਲ ਨਾਗਰਿਕ ਸੁਵਿਧਾਵਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਹੜਾ ਹਰ ਬੁਨਿਆਦੀ ਸੁਵਿਧਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇੱਥੋਂ ਤੱਕ ਕਿ ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਹਾਦਸੇ ਰੋਜ਼ਾਨਾ ਦੀ ਕੜਵੀ ਹਕੀਕਤ ਬਣ ਗਏ ਹਨ। ਵੱਡੇ-ਵੱਡੇ ਖੱਡੇ ਖਤਰਨਾਕ ਰੂਪ ਧਾਰ ਚੁੱਕੇ ਹਨ ਅਤੇ ਆਵਾਜਾਈ ਕਰਨ ਵਾਲਿਆਂ ਲਈ ਇਹ ਰਸਤੇ ਕਿਸੇ ਅਜ਼ਾਬ ਤੋਂ ਘੱਟ ਨਹੀਂ ਰਹੇ। ਕਈ ਸੜਕਾਂ ਦਾ ਤਾਂ ਨਿਸ਼ਾਨ ਵੀ ਮਿਟ ਗਿਆ ਹੈ ਕਿਉਂਕਿ ਨਗਰ ਨਿਗਮ ਵੱਲੋਂ ਬੁਨਿਆਦੀ ਪੈਚਵਰਕ ਜਾਂ ਰੀ-ਕਾਰਪੇਟਿੰਗ ਵੀ ਨਹੀਂ ਕੀਤੀ ਗਈ। ਇਹ ਹਾਲਤ ਹੋਰ ਵੀ ਹੈਰਾਨੀਜਨਕ ਹੈ, ਕਿਉਂਕਿ ਇਸ ਹਲਕੇ ਵਿੱਚ ਕਈ ਸਿੱਖਿਆ ਸੰਸਥਾਵਾਂ ਅਤੇ ਹਸਪਤਾਲ ਮੌਜੂਦ ਹਨ।
ਦੀਵਾਨ ਨੇ ਕਿਹਾ ਕਿ ਇਸਦੇ ਨਾਲ ਹੀ ਪਾਣੀ ਦੀ ਅਣਨਿਯਮਿਤ ਸਪਲਾਈ ਵੀ ਗੰਭੀਰ ਮੁੱਦਾ ਹੈ। ਇਸ ਲੜੀ ਹੇਠ, 24 ਘੰਟੇ ਪਾਣੀ ਦੀ ਸਪਲਾਈ ਦੇ ਵੱਡੇ ਦਾਅਵੇ ਹੁਣ ਉਸ ਹਕੀਕਤ ਵਿੱਚ ਤਬਦੀਲ ਹੋ ਗਏ ਹਨ, ਜਿੱਥੇ ਲੋਕਾਂ ਨੂੰ ਦਿਨ ਵਿੱਚ ਤਿੰਨ ਵਾਰ ਵੀ ਪਾਣੀ ਨਹੀਂ ਮਿਲਦਾ। ਤੁਰੰਤ ਸੁਧਾਰਕ ਕਦਮ ਚੁੱਕਣੇ ਲਾਜ਼ਮੀ ਹਨ। ਉਨ੍ਹਾਂ ਨੇ ਦੱਸਿਆ ਕਿ ਹਲਕਾ ਓਵਰਫਲੋਅ ਅਤੇ ਜਾਮ ਹੋਏ ਸੀਵਰੇਜ ਸਿਸਟਮ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ। ਠਹਿਰੇ ਹੋਏ ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਲਈ ਤਾਜ਼ਾ ਹਵਾ ਵਿੱਚ ਸਾਹ ਲੈਣਾ ਵੀ ਮੁਸ਼ਕਲ ਕਰ ਦਿੱਤਾ ਹੈ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਇੱਕ ਸੰਘਰਸ਼ ਬਣ ਗਈ ਹੈ। ਉਨ੍ਹਾਂ ਨੇ ਕਿਹਾ ਅਤੇ ਮੰਗ ਕੀਤੀ ਕਿ ਓ ਐਂਡ ਐਮ ਸੈੱਲ ਤੁਰੰਤ ਜ਼ਿੰਮੇਵਾਰੀ ਲਏ ਅਤੇ ਇਹ ਸਮੱਸਿਆਵਾਂ ਦੂਰ ਕਰੇ।
ਇੱਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਠਾਉਂਦਿਆਂ, ਦੀਵਾਨ ਨੇ ਕਿਹਾ ਕਿ ਬੰਦ ਪਈਆਂ ਸਟ੍ਰੀਟ ਲਾਈਟਾਂ ਨੇ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਹਾਦਸਿਆਂ ਦਾ ਜੋਖਮ ਕਈ ਗੁਣਾ ਵੱਧ ਗਿਆ ਹੈ। ਇੱਥੋਂ ਤੱਕ ਕਿ ਕੁਝ ਇਲਾਕਿਆਂ ਵਿੱਚ ਦਿਨ ਦੇ ਸਮੇਂ ਵੀ ਬੇਲੋੜੀ ਰੌਸ਼ਨੀ ਰਹਿੰਦੀ ਹੈ, ਜਦਕਿ ਕਈ ਇਲਾਕੇ ਰਾਤ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬੇ ਰਹਿੰਦੇ ਹਨ। ਜਨਤਕ ਸੁਰੱਖਿਆ ਨੂੰ ਲਾਪਰਵਾਹੀ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ।
ਉਨ੍ਹਾਂ ਨੇ ਲੁਧਿਆਣਾ (ਪੱਛਮੀ) ਦੇ ਜ਼ਿਆਦਾਤਰ ਪਾਰਕਾਂ ਦੀ ਬਦਹਾਲ ਹਾਲਤ ਬਾਰੇ ਗੱਲ ਕਰਦਿਆਂ, ਕਿਹਾ ਕਿ ਇਹ ਪੂਰੀ ਤਰ੍ਹਾਂ ਅਣਦੇਖੇ ਪਏ ਹਨ। ਇੱਥੇ ਸਫਾਈ ਦੀ ਘਾਟ ਹੈ, ਜੰਗਲੀ ਘਾਹ ਵਧ ਚੁੱਕੀ ਹੈ ਅਤੇ ਇਨ੍ਹਾਂ ਜਨਤਕ ਥਾਵਾਂ ਦੀ ਸੁੰਦਰਤਾ ਖਤਮ ਹੋ ਚੁੱਕੀ ਹੈ। ਸਭ ਤੋਂ ਵੱਡੀ ਉਦਾਹਰਨ ਰੋਜ਼ ਗਾਰਡਨ ਹੈ, ਜਿਹੜੀ ਲੁਧਿਆਣਾ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਪਾਰਕਾਂ ਵਿੱਚੋਂ ਇੱਕ ਹੈ , ਲੇਕਿਨ ਇਸਨੂੰ ਹੁਣ ਬਿਨਾਂ ਸੰਭਾਲ ਤੋਂ ਛੱਡਿਆ ਹੋਇਆ ਹੈ। ਇਸ ਹਾਲਤ ਨੇ ਸੈਰ ਕਰਨ ਵਾਲਿਆਂ ਤੋਂ ਸੁਰੱਖਿਅਤ ਥਾਵਾਂ ਖੋਹ ਲਈਆਂ ਹਨ ਅਤੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ।
ਦੀਵਾਨ ਨੇ ਇਹ ਵੀ ਕਿਹਾ ਕਿ ਸੜਕਾਂ ਦੀ ਸਫਾਈ ਦਾ ਵੀ ਬੁਰਾ ਹਾਲ ਹੈ, ਜਿੱਥੇ ਰਸਤੇ ਗੰਦਗੀ ਨਾਲ ਭਰੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅਣਦੇਖੀ ਹਲਕੇ ਦੀ ਮਾੜੀ ਤਸਵੀਰ ਪੇਸ਼ ਕਰਦੀ ਹੈ ਅਤੇ ਲੋਕਾਂ ਦੀ ਸਿਹਤ ਲਈ ਵੀ ਖਤਰਾ ਬਣਦੀ ਹੈ। ਸਵੱਛ ਸਰਵੇਖਣ 2025 ਦੀ ਰਿਪੋਰਟ ਵਿੱਚ ਲੁਧਿਆਣਾ ਨੂੰ ਭਾਰਤ ਦਾ ਦੂਜਾ ਸਭ ਤੋਂ ਗੰਦਾ ਸ਼ਹਿਰ ਦਰਜ ਕੀਤਾ ਗਿਆ ਹੈ, ਜੋ ਇਸਦੀ ਸੈਨਿਟੇਸ਼ਨ ਪ੍ਰਣਾਲੀ ‘ਤੇ ਗੰਭੀਰ ਦੋਸ਼ ਲਗਾਉਂਦਾ ਹੈ। ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਦੀ ਕਮੀ ਅਤੇ ਡਸਟਬਿਨਾਂ ਦੀ ਘਾਟ ਕਾਰਨ ਲੋਕ ਮਜਬੂਰ ਹੋ ਕੇ ਖੁੱਲ੍ਹੇ ਵਿੱਚ ਕੂੜਾ ਸੁੱਟ ਕਰਹੇ ਹਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜਰ ਜਾਂ ਤਾਂ ਘਰ-ਘਰ ਤੋਂ ਨਿਯਮਿਤ ਕੂੜਾ ਇਕੱਠਾ ਕਰਨ ਦੀ ਵਿਵਸਥਾ ਯਕੀਨੀ ਬਣਾਈ ਜਾਵੇ, ਜਾਂ ਫਿਰ ਚੰਡੀਗੜ੍ਹ ਵਾਂਗ ਉਚਿਤ ਥਾਵਾਂ ਤੇ ਡਸਟਬਿਨ ਅਤੇ ਕੂੜਾ ਇਕੱਠਾ ਕਰਨ ਵਾਲੇ ਪੁਆਇੰਟ ਬਣਾਏ ਜਾਣ।
ਅਖੀਰ ਵਿੱਚ ਵਿੱਚ ਦੀਵਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਮੈਮੋਰੈਂਡਮ ਵਿੱਚ ਇਹ ਸਾਰੀਆਂ ਸਮੱਸਿਆਵਾਂ ਵਿਸਥਾਰ ਨਾਲ ਦਰਜ ਕੀਤੀਆਂ ਗਈਆਂ ਹਨ ਅਤੇ ਮਿਊਂਸਿਪਲ ਕਮਿਸ਼ਨਰ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਮਜ਼ਬੂਤ ਅਪੀਲ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਸ਼ੀਲ ਮਲਹੋਤਰਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਬੀ.ਐਮ. ਕਾਲੀਆ, ਹਰਭਗਤ ਸਿੰਘ ਗਰੇਵਾਲ, ਰਜਨੀਸ਼ ਸਿੰਗਲਾ, ਬਾਲ ਕ੍ਰਿਸ਼ਨ ਸ਼ਰਮਾ ਅਤੇ ਨੀਰਜ ਬਿਰਲਾ ਵੀ ਮੌਜੂਦ ਰਹੇ।