ਸਮੇਂ ਸਿਰ ਪਤਾ ਲੱਗਣ 'ਤੇ ਕਾਲੇ ਮੋਤੀਏ ਦਾ ਇਲਾਜ਼ ਸੰਭਵ - ਡਾਕਟਰ ਤਪਿੰਦਰਜੋਤ ਕੌਸ਼ਲ
ਅਸ਼ੋਕ ਵਰਮਾ
ਬਠਿੰਡਾ, 14 ਮਾਰਚ 2026 :ਸਿਵਲ ਸਰਜਨ ਡਾਕਟਰ ਤਪਿੰਦਰਜੋਤ ਕੌਸ਼ਲ ਦੀ ਅਗਵਾਈ ਵਿੱਚ ਸਿਹਤ ਵਿਭਾਗ ਬਠਿੰਡਾ ਵੱਲੋਂ “ ਵਿਸ਼ਵ ਗਲੂਕੋਮਾ ਜਾਗਰੂਕਤਾ ਹਫਤਾ” ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਸਿਵਲ ਹਸਪਤਾਲ ਬਠਿੰਡਾ ਵਿਖੇ “ਵਿਸ਼ਵ ਗਲੋਕੋਮਾ ਹਫ਼ਤੇ” ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਡਾਕਟਰ ਮੀਨਾਕਸ਼ੀ ਸਿੰਗਲਾ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਮਿਤੀ 8 ਤੋਂ 14 ਮਾਰਚ ਤੱਕ ਆਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਹਫ਼ਤੇ ਦੌਰਾਨ ਲੋਕਾਂ ਨੂੰ ਅੱਖਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ । ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਮੁੱਖ ਕਾਰਨ ਹੈ। ਕਾਲੇ ਮੋਤੀਏ ਦੇ ਲੱਛਣਾਂ ਵਿੱਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ-ਵਾਰ ਬਦਲਣਾ, ਰੌਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਨਜ਼ਰ ਦਾ ਅਚਾਨਕ ਘਟਨਾ, ਨਿਗ੍ਹਾਹ ਦਾ ਸੀਮਿਤ ਹੋਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ ਤਾਂ ਕਾਲੇ ਮੋਤੀਏ ਦਾ ਇਲਾਜ਼ ਸੰਭਵ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੋਨੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਮੇ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਸ ਦਾ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਗੁਲੋਕੋਮਾ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕਾਲੇ ਮੋਤੀਏ ਤੋਂ ਪੀੜਿਤ ਹੋਵੇ ਜਾਂ ਕੋਈ ਵਿਅਕਤੀ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਵੇ। ਇਸ ਤੋਂ ਇਲਾਵਾ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਵਧੇਰੇ ਸਟੀਰਾਇਡ ਦਵਾਈਆਂ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਜਰੂਰਤ ਹੁੰਦੀ ਹੈ।ਇਸ ਮੌਕੇ ਡਾਕਟਰ ਸ਼ਿਵਾਂਗੀ ਗਰਗ,ਡਾਕਟਰ ਸ਼ਵੇਤਾ, ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ,ਬਲਾਕ ਐਜੂਕੇਟਰ ਗਗਨ ਭੁੱਲਰ,ਰੁਪਾਲੀ ਅਪਥਾਲਮਿਕ ਅਫ਼ਸਰ, ਮੁਕੇਸ਼ ਹਾਜ਼ਰ ਸਨ।