ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਸ਼ਹੀਦੀ ਜੋੜ ਮੇਲਾ ਕੱਲ੍ਹ ਤੋਂ
ਸੰਗਤਾਂ ਵੱਧ ਚੜ੍ਹ ਕੇ ਇਸ ਸ਼ਹੀਦੀ ਸਮਾਗਮ ਵਿੱਚ ਆਪਣੀ
ਹਾਜ਼ਰੀ ਲਗਵਾਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ : ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ
ਪੰਜਗਰਾਈਂ ਕਲਾਂ,14 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਕੱਲ੍ਹ ਮਿਤੀ 15 ਮਾਰਚ ਦਿਨ ਐਤਵਾਰ ਨੂੰ ਸ਼ਹੀਦ ਬਾਬਾ ਤੇਗਾ ਸਿੰਘ ਜੀ ਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਨੇ ਦੱਸਿਆ ਕੇ ਪਿਛਲੇ ਦਿਨਾਂ ਤੋਂ ਸਰਬੱਤ ਦੇ ਭਲੇ ਲਈ ਨਿਰੰਤਰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਸੁਭਾ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿੱਚ ਸਜਾਏ ਜਾ ਰਹੇ ਵਿਸ਼ੇਸ਼ ਦੀਵਾਨ ਵਿੱਚ ਅਨੇਕਾਂ ਢਾਡੀ ,ਰਾਗੀ ਤੇ ਕਵੀਸ਼ਰੀ ਜਥੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ ਤੇ ਵੱਖ-ਵੱਖ ਸੰਪਰਦਾਇ ਦੇ ਅਨੇਕਾਂ ਮਹਾਂਪੁਰਖ ਗੁਰਬਾਣੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਅੱਗੇ ਕਿਹਾ ਕੇ ਇਸ ਮੌਕੇ ਤੇ ਖੂਨਦਾਨ ਕੈਂਪ ਸਮੇਤ ਅਨੇਕਾਂ ਸਿਹਤ ਜਾਂਚ ਕਰਨ ਵਾਲੇ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫਤ ਜਾਂਚ ਕੈਂਪ ਲਗਾ ਕੇ ਜਾਂਚ ਕੀਤੀ ਜਾਵੇਗੀ। ਸੰਗਤਾਂ ਦੀਆਂ ਗੱਡੀ ਲਈ ਕਈ ਏਕੜ ਵਿੱਚ ਪਾਰਕਿੰਗ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਅਨੇਕਾਂ ਪਕਵਾਨਾਂ ਦੇ ਸੰਗਤਾਂ ਲਈ ਲੰਗਰ ਲਗਾਏ ਜਾਣਗੇ। ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕੇ ਉਹ ਸਮੇਂ ਸਿਰ ਇਸ ਜੋੜ ਮੇਲੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।