ਅਕਾਲੀ ਦਲ ਦੀ ਹਰਿਆਣਾ ਇਕਾਈ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਨਮਰਜ਼ੀ ਨਾਲ ਕੰਮਕਾਜ ਕਰਨ ਖਿਲਾਫ ਰੋਸ ਪ੍ਰਗਟਾਇਆ
ਬਲਵਿੰਦਰ ਸਿੰਘ ਭੂੰਦੜ ਨੇ ਮੀਟਿੰਗ ਦੀ ਕੀਤੀ ਪ੍ਰਧਾਨਗੀ, ਕਿਹਾ ਕਿ ਨਵਾਂ ਜਥੇਬੰਦਕ ਢਾਂਚਾ ਜਲਦ ਤਿਆਰ ਕੀਤਾ ਜਾਵੇਗਾ
ਚੰਡੀਗੜ੍ਹ, 14 ਮਾਰਚ: ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਨੇ ਅੱਜ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਨੂੰ ਲੈ ਕੇ ਹਰਿਆਣਾ ਦੇ ਸਿੱਖਾਂ ਵਿਚ ਵਿਆਪਕ ਰੋਸ ਹੈ ਅਤੇ ਸਿੱਖ ਕੌਮ ਦੇ ਮੈਂਬਰ ਮਹਿਸੂਸ ਕਰੇ ਹਨ ਕਿ ਹਰਿਆਣਾ ਵਿਚ ਵੱਖਰੀ ਕਮੇਟੀ ਬਣਨ ਕਰ ਕੇ ਉਹਨਾਂ ਦੀ ਆਵਾਜ਼ ਕਮਜ਼ੋਰ ਹੋਈ ਹੈ।
ਅੱਜ ਪਾਰਟੀ ਦੀ ਹਰਿਆਣਾ ਇਕਾਈ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਫੈਸਲਾ ਕੀਤਾ ਕਿ ਪਾਰਟੀ ਦੇ ਸੂਬਾ ਇਕਾਈ ਦੇ ਪ੍ਰਧਾਨ ਅਤੇ ਹੋਰ ਜਥੇਬੰਦਕ ਢਾਂਚੇ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸਿੱਖਾਂ ਤੇ ਸੂਬੇ ਦੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ।
ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਿਆਣਾ ਦੀ ਲੀਡਰਸ਼ਿਪ ਵਿਚ ਬਹੁਤ ਉਤਸ਼ਾਹ ਸੀ ਕਿ ਪਾਰਟੀ ਹੈਡਕੁਆਰਟਰ ’ਤੇ ਪਾਰਟੀ ਨੂੰ ਮਜਬ਼ੂਤ ਕਰਨ ਦੇ ਤੌਰ ਤਰੀਕਿਆਂ ’ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਸੂਬੇ ਦੇ ਆਗੂਆਂ ਨੇ ਦੱਸਿਆ ਕਿ ਹਰਿਆਣਾ ਦੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹਨ ਅਤੇ ਮੌਜੂਦਾ ਕਮੇਟੀ ਦੀ ਨਿਖੇਧੀ ਕਰਦੇ ਹਨ।
ਡਾ. ਚੀਮਾ ਨੇ ਕਿਹਾ ਕਿ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਗੁਰਦੁਆਰਾ ਕਮੇਟੀ ਮਾਮਲਿਆਂ ਵਿਚ ਕੁਪਬ੍ਰੰਧਨ ਹੋ ਰਿਹਾ ਹੈ ਤੇ ਕੌਮ ਦੀ ਸਾਂਝੀ ਆਵਾਜ਼ ਕਮਜ਼ੋਰ ਹੋ ਰਹੀ ਹੈ।
ਇਸ ਦੌਰਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਹਰਿਆਣਾ ਲੀਡਰਸ਼ਿਪ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਾ ਸਿਰਫ ਜਥੇਬੰਦਕ ਢਾਂਚੇ ਦਾ ਪੁਨਰ ਨਿਰਮਾਣ ਕਰੇਗਾ ਬਲਕਿ ਸੂਬੇ ਅਤੇ ਇਸਦੇ ਲੋਕਾਂ ਨੂੰ ਦਰਪੇਸ਼ ਮਾਮਲਿਆਂ ’ਤੇ ਕਾਰਜ ਯੋਜਨਾ ਵੀ ਪੇਸ਼ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਲੋਕ ਪੱਖੀ ਮਸਲਿਆਂ ਤੇ ਕੰਮਾਂ ਨੂੰ ਉਹਨਾਂ ਦੇ ਨਿਪਟਾਰੇ ਵਾਸਤੇ ਚੁੱਕਾਂਗੇ।
ਇਸ ਮੌਕੇ ਸੀਨੀਅਰ ਆਗੂ ਰਘੂਜੀਤ ਸਿੰਘ ਵਿਰਕ, ਬਲਦੇਵ ਸਿੰਘ ਕਾਇਮਪੁਰੀ, ਹਰਕੇਸ਼ ਸਿੰਘ ਮੋਹਰੀ, ਤੇਜਿੰਦਰਪਾਲ ਸਿੰਘ ਢਿੱਲੋਂ ਤੇ ਬੀਬੀ ਅਮਰਜੀਤ ਕੌਰ ਬਾੜਾ ਵੀ ਹਾਜ਼ਰ ਸਨ।
Click to Follow Babushahi Facebook page →