ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਦੋ ਪੁਸਤਕਾਂ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 12 ਜਨਵਰੀ 2026: ਪੰਜਾਬੀ ਦੇ ਕਿਸੇ ਉੱਚਕੋਟੀ ਦੇ ਸਾਹਿਤਕਾਰ ਦੇ ਜਨਮ ਦਿਨ ਮੌਕੇ ਨਵੀਆਂ ਪੁਸਤਕਾਂ ਲੋਕ ਅਰਪਣ ਕਰਨ ਦੀ ਪਿਰਤ ਨੂੰ ਅੱਗੇ ਤੋਰਦਿਆਂ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਉਘੇ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਬੀਤੇ ਦਿਨ ਦੋ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਸ ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ ਜਦੋਂਕਿ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ, ਨਾਵਲਕਾਰ ਜਸਵਿੰਦਰ ਜਸ, ਟੀਚਰਜ ਹੋਮ ਟਰਸਟ ਦੇ ਸਕੱਤਰ ਲਛਮਣ ਮਲੂਕਾ ਅਤੇ ਰਣਜੀਤ ਗੌਰਵ ਹਾਜ਼ਰ ਸਨ।
ਇਸ ਮੌਕੇ ਬਲਵਿੰਦਰ ਸਿੰਘ ਭੁੱਲਰ ਦੀ ਅੱਠਵੀ ਵਾਰਤਕ ਪੁਸਤਕ ‘‘ਸਿਦਕ ਹਾਰਦਾ ਨਹੀਂ’’ ਅਤੇ ਜਸਪਾਲ ਮਾਨਖੇੜਾ ਦਾ ਕਾਵਿ ਸੰਗ੍ਰਹਿ ‘‘ਸਫ਼ਰਾਂ ਤੇ ਹਾਂ, ਸੈਰਾਂ ਤੇ ਨਹੀਂ’’ ਲੋਕ ਅਰਪਣ ਕੀਤੀਆਂ ਗਈਆਂ। ਸ੍ਰੀ ਭੁੱਲਰ ਦੀ ਪੁਸਤਕ ਵਿੱਚ ਦੁਨੀਆਂ ਭਰ ਦੀਆਂ ਤਸ਼ੱਦਦ ਝੱਲਣ ਵਾਲੀਆਂ ਤੇ ਕੁਰਬਾਨ ਹੋਣ ਵਾਲੀਆਂ 23 ਔਰਤਾਂ ਅਤੇ ਪ੍ਰੇਰਨਾ ਸਰੋਤ ਮੌਜੂਦਾ ਅੱਠ ਔਰਤਾਂ ਦੇ ਲੇਖ ਹਨ। ਸ੍ਰੀ ਮਾਨਖੇੜਾ ਦੀ ਪੁਸਤਕ ਵਿੱਚ ਉਸ ਦੀਆਂ ਸਮਾਜਿਕ ਕਦਰਾਂ ਕੀਮਤਾਂ ਅਤੇ ਲੋਕ ਹਿਤਾਂ ਨਾਲ ਜੁੜੀਆਂ ਕਵਿਤਾਵਾਂ, ਗੀਤ, ਨਜ਼ਮਾਂ ਅਤੇ ਗ਼ਜ਼ਲਾਂ ਹਨ। ਸ੍ਰੀ ਸੜਕਨਾਮਾ ਨੇ ਕਿਹਾ ਕਿ ਦੋਵੇਂ ਪੁਸਤਕਾਂ ਜਾਣਕਾਰੀ ਭਰਪੂਰ ਤੇ ਬਹੁਮੁੱਲੇ ਦਸਤਾਵੇਜ਼ ਹਨ।