ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਯੂਥ ਕਾਂਗਰਸ ਨੇ ਘੇਰਿਆ ਐਸਐਸਪੀ ਦਫਤਰ
ਵੱਡੇ ਇਕੱਠ ਦੇ ਰੂਪ ਵਿੱਚ ਕਾਂਗਰਸੀ ਵਰਕਰ ਹੋਏ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ 29 ਦਸੰਬਰ
ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਫਿਰੋਤੀ ਲਈ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਐਸਐਸਪੀ ਦਫਤਰ ਦਾ ਘਿਰਾਓ ਕੀਤਾ ਗਿਆ ਕਾਂਗਰਸੀ ਵਿਧਾਇਕ ਵਰਿੰਦਰ ਮੀਤ ਸਿੰਘ ਪਾਹੜਾ ਦੇ ਭਰਾ ਅਤੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਨੇ ਐਸਐਸਪੀ ਦਫਤਰ ਮੂਹਰੇ ਜਮ ਕੇ ਕਾਨੂੰਨ ਵਿਵਸਥਾ ਦੇ ਖਿਲਾਫ ਨਾਰੇਬਾਜ਼ੀ ਕੀਤੀ ।
ਬਲਜੀਤ ਸਿੰਘ ਪਾਹੜਾ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਵਿੱਚ ਹਰ ਨਾਗਰਿਕ ਖਾਸ ਕਰ ਵਪਾਰੀ ਵਰਗ ਖੌਫ ਦੇ ਸਾਏ ਵਿੱਚ ਦਿਨ ਕੱਟ ਰਿਹਾ ਹੈ। ਗੁਰਦਾਸਪੁਰ ਜਿਹੜਾ ਇੱਕ ਸ਼ਾਂਤਮਈ ਇਲਾਕਾ ਕਿਹਾ ਜਾਂਦਾ ਸੀ ਵਿੱਚ ਲਗਾਤਾਰ ਫਿਰੋਤੀ ਨੂੰ ਲੈ ਕੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਹੁਣ ਤੱਕ 20 ਦੇ ਕਰੀਬ ਘਟਨਾਵਾਂ ਹੋ ਚੁੱਕੀਆਂ ਹਨ ਜਦਕਿ ਸ਼ਹਿਰ ਦੇ ਵਿਚਕਾਰ ਸਥਿਤ ਥਾਣਾ ਸਿਟੀ ਦੇ ਬਾਹਰ ਵੀ ਗ੍ਰਨੇਡ ਹਮਲਾ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਕੋਈ ਵੀ ਮਾਮਲਾ ਟਰੇ੍ਸ ਨਹੀਂ ਕਰ ਪਾਈ। ਉਹਨਾਂ ਦੋਸ਼ ਲਗਾਇਆ ਕਿ ਕੁਝ ਪੁਲਿਸ ਅਧਿਕਾਰੀ ਵੀ ਅਪਰਾਧੀਆਂ ਦੇ ਨਾਲ ਮਿਲੇ ਹੋਏ ਹਨ, ਜਿਨਾਂ ਦਾ ਖੁਲਾਸਾ ਵੀ ਉਹਨਾਂ ਵੱਲੋਂ ਜਲਦੀ ਹੀ ਕੀਤਾ ਜਾਏਗਾ।