Bathinda Breaking: SHO ਸਸਪੈਂਡ, ਜਾਣੋ ਕੀ ਲੱਗੇ ਦੋਸ਼?
ਐਸਐਸਪੀ ਬਠਿੰਡਾ ਵੱਲੋਂ ਥਾਣਾ ਸੰਗਤ ਮੰਡੀ ਦਾ ਮੁੱਖ ਥਾਣਾ ਅਫਸਰ ਮੁਅੱਤਲ
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2025 : ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਦੇ ਐਸਐਚ ਓ ਦਲਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ। ਪੰਜਾਬ-ਹਰਿਆਣਾ ਸਰਹੱਦ ‘ਤੇ ਪੈਂਦੇ ਥਾਣਾ ਸੰਗਤ ਦੇ ਐਸਐਚਓ ਦਲਜੀਤ ਸਿੰਘ ਉੱਪਰ ਨਸ਼ਾ ਤਸਕਰਾਂ ਦੇ ਵਿਰੁਧ ਢਿੱਲੀ ਕਾਰਵਾਈ ਕਰਨ ਦੇ ਦੋਸ਼ਾਂ ਹੇਠ ਇਹ ਕਾਰਵਾਈ ਹੋਈ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ ਨੇ ਥਾਣਾ ਮੁਖੀ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਥਾਣਾ ਮੁਖੀ ਦੇ ਕੰਮ ਕਾਜ ਅਤੇ ਕਾਰਗੁਜ਼ਾਰੀ ਨੂੰ ਲੈ ਕੇ ਕੁੱਝ ਸ਼ਿਕਾਇਤਾਂ ਮਿਲ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਐਸਐਚਓ ਕਈ ਮਹੱਤਵਪੂਰਨ ਕੇਸਾਂ ਨੂੰ ਨਿਪਟਾਉਣ ਦੇ ਵਿਚ ਵੀ ਕਮਜ਼ੋਰ ਸਾਬਤ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸਦੇ ਵਿਰੁਧ ਇਹ ਕਾਰਵਾਈ ਡੀਐਸਪੀ ਦਿਹਾਤੀ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲ ਐਸਐਚਓ ਵਿਰੁਧ ਵਿਭਾਗੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ ਤੇ ਇਹ ਜਾਂਚ ਐਸਪੀ ਹਿਨਾ ਗੁਪਤਾ ਨੂੰ ਸੌਂਪੀ ਗਈ ਹੈ।