ਮਾਛੀਵਾੜਾ ਪੁਲਸ ਨੇ ਲਾਪਤਾ ਹੋਇਆ ਬੱਚਾ 3 ਘੰਟਿਆਂ ’ਚ ਗਰੀਬ ਮਾਪਿਆਂ ਦੇ ਹਵਾਲੇ ਕੀਤਾ
ਰਵਿੰਦਰ ਢਿੱਲੋਂ
ਖੰਨਾ, 29 ਦਸੰਬਰ 2025- ਪੁਲਸ ਜ਼ਿਲ੍ਹਾ ਖੰਨਾ ਦੇ ਪਿੰਡ ਭੱਟੀਆਂ ਦੇ ਗਰੀਬ ਮਜ਼ਦੂਰ ਪਰਿਵਾਰ ਦਾ ਲਾਪਤਾ ਹੋਇਆ ਬੱਚਾ ਮੰਗਲਮ (5) ਨੂੰ ਮਾਛੀਵਾੜਾ ਪੁਲਸ ਨੇ 3 ਘੰਟਿਆਂ ਵਿਚ ਹੀ ਤਲਾਸ਼ ਕਰ ਮਾਪਿਆਂ ਹਵਾਲੇ ਕਰ ਦਿੱਤਾ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਛੋਟਾ ਬੱਚਾ ਪਿੰਡ ਝੜੌਦੀ ਦੇ ਬੱਸ ਅੱਡੇ ’ਤੇ ਮਿਲਿਆ। ਇਸ ਬੱਚੇ ਨੂੰ ਤੁਰੰਤ ਉਹ ਮਾਛੀਵਾੜਾ ਥਾਣਾ ਵਿਖੇ ਲੈ ਕੇ ਆਇਆ ਅਤੇ ਇਸ ਨੇ ਕੇਵਲ ਇਹ ਦੱਸਿਆ ਕਿ ਉਹ ਪਿੰਡ ਭੱਟੀਆਂ ਵਿਖੇ ਰਹਿੰਦਾ ਹੈ। ਪੁਲਸ ਵਲੋਂ ਪਿੰਡ ਭੱਟੀਆਂ ਜਾ ਕੇ ਮਾਪਿਆਂ ਦੀ ਤਲਾਸ਼ ਕੀਤੀ ਗਈ ਅਤੇ 3 ਘੰਟਿਆਂ ਵਿਚ ਹੀ ਇਹ ਬੱਚਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਬੱਚੇ ਦੇ ਪਿਤਾ ਰਾਜਾ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਫੈਕਟਰੀ ਵਿਚ ਮਜ਼ਦੂਰੀ ਕਰਦੇ ਹਨ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ’ਤੇ ਚਲੇ ਗਏ ਅਤੇ ਬੱਚਾ ਘਰ ਵਿਚ ਹੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਬੱਚਾ ਘਰ ਨੇੜ੍ਹੇ ਹੀ ਖੇਡਦਾ ਰਹਿੰਦਾ ਸੀ ਪਰ ਅਚਾਨਕ ਅੱਜ ਉਹ ਮਾਛੀਵਾੜਾ ਤੇ ਫਿਰ ਝੜੌਦੀ ਪਿੰਡ ਕਿਵੇਂ ਪਹੁੰਚ ਗਿਆ, ਅਸੀਂ ਵੀ ਹੈਰਾਨ ਹਾਂ। ਮਾਪਿਆਂ ਨੇ ਮਾਛੀਵਾੜਾ ਪੁਲਸ ਦਾ ਧੰਨਵਾਦ ਕੀਤਾ ਜਿਨ੍ਹਾਂ 3 ਘੰਟਿਆਂ ਵਿਚ ਸਾਡੇ ਸਪੁਰਦ ਕਰ ਦਿੱਤਾ ਨਹੀਂ ਤਾਂ ਕੋਈ ਇਸ ਨੂੰ ਚੁੱਕ ਕੇ ਲੈ ਜਾਂਦਾ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਸਾਡੀ ਪੁਲਸ ਟੀਮ ਨੇ ਮਿਹਨਤ ਕੀਤੀ ਜਿਸ ਸਦਕਾ ਬੱਚਾ ਮਾਪਿਆਂ ਕੋਲ ਪੁੱਜ ਸਕਿਆ।