ਰੋਪੜ: ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਮਾਰਚ
ਮਨਪ੍ਰੀਤ ਸਿੰਘ
ਰੂਪਨਗਰ 23 ਦਸੰਬਰ 2025- ਅੱਜ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਚਲ ਰਹੇ ਪ੍ਰੀਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ ਰੋਪੜ ਵਿਖੇ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ,ਸਹਾਇਕ ਡਾਇਰੈਕਟਰ ਸਤਵੰਤ ਕੌਰ , ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਲੋਂ ਹੋਏ ਦਿਸ਼ਾ ਨਿਰਦੇਸ਼ਾ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ,ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਜਮਾਤ ਤੀਸਰੀ ਤੋ ਦੱਸਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਸਵੇਰੇ 11.30 ਵਜੇ : 'ਸਫਰ ਏ ਸ਼ਹਾਦਤ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ' 'ਗੁਰਮਤਿ ਚੇਤਨਾ ਮਾਰਚ' ਕੱਢਿਆ ਗਿਆ। ਚੇਤਨਾ ਮਾਰਚ ਦੀ ਸ਼ੁਰੂਆਤ ਸਕੂਲ ਵਿਖੇ ਜਪੁਜੀ ਸਾਹਿਬ,ਚੌਪਈ ਸਾਹਿਬ,ਅਨੰਦ ਸਾਹਿਬ ਅਤੇ ਅਰਦਾਸ ਕਰਨ ਉਪਰੰਤ ਕੀਤੀ ਗਈ। ਚੇਤਨਾ ਮਾਰਚ ਸਕੂਲ ਤੋਂ ਆਰੰਭ ਹੁੰਦਾ ਹੋਇਆ ਪਿੰਡ ਮਾਜਰੀ ਪਹੁੰਚਿਆ ਜਿੱਥੇ ਸਕੂਲ ਦੀ ਸਾਇੰਸ ਅਧਿਆਪਿਕਾ ਨਰਿੰਦਰ ਕੌਰ ਦੇ ਪਰਿਵਾਰ ਵਲੋਂ ਵਿਦਿਆਰਥੀਆਂ ਲਈ ਚਾਹ ਪਕੌੜਿਆਂ ਦੀ ਸੇਵਾ ਕੀਤੀ ਗਈ।'ਗੁਰਮਤਿ ਚੇਤਨਾ ਮਾਰਚ ਦੇ ਅਗਲਾ ਪੜਾਅ ਪਿੰਡ ਆਸਪੁਰ ਸੀ ਜਿੱਥੋਂ ਹੁੰਦੇ ਹੋਏ ਚੇਤਨਾ ਮਾਰਚ ਗੁਰਦੁਆਰਾ ਸਿੰਘ ਸਭਾ ਕੋਟ ਬਾਲਾ ਵਿਖੇ ਪਹੁੰਚਿਆ ਜਿੱਥੇ ਗੁਰਮਤਿ ਸਮਾਗਮ ਕੀਤਾ ਗਿਆ। ਗੁਰਮਤਿ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਕਵੀਸ਼ਰੀ ਅਤੇ ਸ਼ਬਦ ਕੀਰਤਨ ਗਾਇਨ ਕੀਤਾ।ਗੁਰਮਤਿ ਸਮਾਗਮਾਂ ਵਿੱਚ ਸਭ ਆਫਿਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵੱਲੋਂ ਪ੍ਰਚਾਰਕ ਜਸਵਿੰਦਰ ਸਿੰਘ ਦਾਦੂਵਾਲ ਅਤੇ ਬੀਬੀ ਸੰਦੀਪ ਕੌਰ ਕਵੀਸ਼ਰੀ ਜੱਥੇ ਨੇ ਹਾਜ਼ਰੀ ਭਰੀ ਸੰਗਤਾਂ ਨੂੰ ਜਿੱਥੇ ਕਵੀਸ਼ਰੀ ਅਤੇ ਗੁਰਇਤਿਹਾਸ ਨਾਲ ਜੋੜਿਆ ਗਿਆ ਉੱਥੇ ਹੀ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਨੂੰ ਸਮਰਪਿਤ ਕਵਿਤਾਵਾਂ ਅਤੇ ਕਵੀਸ਼ਰੀ ਗਾਇਨ ਕੀਤੀ ਅਤੇ ਉਪਰੰਤ ਅਰਦਾਸ ਤੇ ਦੇਗ ਵਰਤਾਈ ਗਈ।ਪਿੰਡ ਕੋਟਬਾਲਾ ਦੀ ਬੀਬੀ ਹਰਵਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਗੁਰੂ ਦਾ ਲੰਗਰ ਛਕਾਇਆ ਗਿਆ।ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ। ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਪ੍ਰਬੰਧਕਾਂ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।