ਗਰਭਵਤੀ ਔਰਤਾਂ ਤੇ ਬੱਚਿਆਂ ਦੀ ਆਭਾ ਆਈ.ਡੀ ਯਕੀਨੀ ਬਣਾਉਣ ਲਈ ਸਟਾਫ਼ ਨੂੰ ਹਦਾਇਤਾਂ ਜਾਰੀ
ਅਸ਼ੋਕ ਵਰਮਾ
ਬਠਿੰਡਾ, 23 ਦਸੰਬਰ 2025 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਵੱਲੋਂ ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਆਭਾ ਸਿਹਤ ਪਛਾਣ ਖਾਤੇ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਦੀ ਮਹੱਤਤਾ ਸਬੰਧੀ ਮੀਟਿੰਗ ਕੀਤੀ ਗਈ। ਡਾ. ਤਪਿੰਦਰਜੋਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਿਹਤ ਵਿਭਾਗ ਦਾ ਇੱਕ ਅਹਿਮ ਪ੍ਰੋਜੈਕਟ ਹੈ ਅਤੇ ਵਿਲੱਖਣ ਸਿਹਤ ਆਈ.ਡੀ. ਹੈ। ਜਿਸ ਦੇ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਬਣਾਉਣ ਉਪਰੰਤ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਆਭਾ ਅਕਾਊਂਟ ਬਣਾਉਣ ਸਬੰਧੀ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਜੋ ਆਉਣ ਵਾਲੇ ਮਰੀਜ਼ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣਾ ਸਿਹਤ ਰਿਕਾਰਡ ਘਰ ਵਿੱਚ ਆਫ ਲਾਈਨ ਰੱਖਣ ਦੀ ਜਰੂਰਤ ਨਹੀਂ ਹੈ, ਬਲਕਿ ਡਿਜ਼ੀਟਲ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਭਾ ਅਜਾਊਂਟ ਨਾਲ ਮਰੀਜ਼ ਖੱਜਲ-ਖੁਆਰੀ ਹੋਣ ਤੋਂ ਬਚਦੇ ਹਨ ਤੇ ਸਮੇਂ ਦੀ ਬੱਚਤ ਹੁੰਦੀ ਹੈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਨੇ ਸਬੰਧਿਤ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਆਭਾ ਅਕਾਉਂਟ ਬਣਾਉਣਾ ਸੌ ਫੀਸਦੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ‘ਤੇ ਜਾ ਕੇ ਆਭਾ ਐਪ ਨੂੰ ਡਾਊਨਲੋਡ ਕਰਕੇ ਆਪਣਾ ਅਕਾਊਂਟ ਬਣਾ ਕੇ ਇਸ ਵਿੱਚ ਆਪਣੀਆਂ ਸਾਰੀਆਂ ਪੁਰਾਣਾ ਸਿਹਤ ਰਿਕਾਰਡ, ਲੈਬ ਰਿਪੋਰਟਾਂ, ਬੀਮਾ ਰਿਕਾਰਡ ਅਤੇ ਹੋਰ ਸਿਹਤ ਰਿਕਾਰਡ ਨੂੰ ਇਕੱਤਰ ਕਰਕੇ ਰੱਖਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਡਾਕਟਰ ਕੋਲ ਜਾ ਕੇ ਆਪਣਾ ਅਕਾਊਂਟ ਨੰਬਰ ਦੱਸ ਕੇ ਆਪਣੀ ਸਿਹਤ ਦਾ ਚੈਕਅੱਪ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕੋਈ ਵੀ ਮਰੀਜ਼ ਕਾਊਂਟਰ ਤੋਂ ਟੋਕਨ ਲੈਣ ਉਪਰੰਤ ਆਪਣੀ ਪਰਚੀ ਲੈ ਸਕਦਾ ਹੈ। ਇਸ ਨਾਲ ਲਾਈਨਾਂ ਵਿੱਚ ਲੱਗ ਕੇ ਇੰਤਜਾਰ ਵੀ ਨਹੀਂ ਕਰਨਾ ਪੈਂਦਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਦੀ ਓ.ਪੀ.ਡੀ ਬਲਾਕ ਵਿੱਚ ਆਭਾ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਸਬੰਧੀ QR ( ਕਿਊ ਆਰ ) ਸਕੈਨਰ ਅਤੇ ਅਲੱਗ ਤੋਂ ਕਾਊਂਟਰ ਲਗਾਇਆ ਗਿਆ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਇਸਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ। ਇਸ ਮੌਕੇ ਡਾਕਟਰ ਅੰਜਲੀ, ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਹਰਜਿੰਦਰ ਕੌਰ, ਮੈਟਰਨ ਅਨੀਤਾ, ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ, ਕਾਊਂਸਲਰ ਚਰਨਪਾਲ ਕੌਰ, ਸਿਹਤ ਕਰਮੀ ਅਰਵਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।