DC ਵੱਲੋਂ ਸਾਲ 2025-26 ਦੌਰਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਅਧਿਕਾਰੀਆਂ ਨਾਲ ਮੀਟਿੰਗ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜੁਲਾਈ 2025: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਾਲ 2025-26 ਦੌਰਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜ਼ਿਲ੍ਹੇ ਵਿੱਚ ਕੰਮ ਕਰਦੇ ਬੇਲਰ ਅਪਰੇਟਰਾਂ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫਰਮਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੋਨਮ ਚੌਧਰੀ, ਮੁੱਖ ਖੇਤੀਬਾੜੀ ਅਫਸਰ ਗੁਰਮੇਲ ਸਿੰਘ, ਡਿਪਟੀ ਸੁਪਰਡੈ਼ਟ ਪੁਲਿਸ (ਹੈੱਡ ਕੁਆਰਟਰ) ਹਰਸਿਮਰਤ ਸਿੰਘ ਛੇਤਰਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਰਮਵੀਰ ਕੌਰ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ ਅਤੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਵੱਲੋਂ ਬੇਲਰ ਮਾਲਕਾਂ/ਅਪਰੇਟਰਾਂ ਨੂੰ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਅਤੇ ਸਪਲਾਈ ਕਰਨ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਪੁਛਿਆ ਗਿਆ। ਬੇਲਰ ਮਾਲਕਾਂ ਨੇ ਦੱਸਿਆ ਕਿ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਉਪਰੰਤ ਸਬੰਧਤ ਫਰਮਾਂ ਨੂੰ ਸਪਲਾਈ ਕਰਨ ਸਮੇਂ ਖਰਾਬ ਰਸਤਿਆਂ, ਬਿਜਲੀ ਦੀਆਂ ਲਟਕਦੀਆਂ ਤਾਰਾਂ, ਟੋਲ ਪਲਾਜ਼ਿਆਂ ਤੇ ਰੋਕ ਅਤੇ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬੀਮਾ ਆਦਿ ਨਾ ਹੋਣ ਕਾਰਨ ਬੇਲਰ ਮਾਲਕਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਦਾ ਹੈ।
ਡਿਪਟੀ ਕਮਿਸ਼ਨਰ ਨੇ ਰਸਤਿਆਂ ਦੀ ਮੁਰੰਮਤ, ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ, ਟੋਲ ਪਲਾਜ਼ਾ ਲਈ ਪਾਸ ਜਾਰੀ ਕਰਨ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫਰਮਾਂ ਵੱਲੋਂ ਬੇਲਰ ਮਾਲਕਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਬੀਮਾ ਕਰਵਾਉਣ ਲਈ ਸਬੰਧਤ ਵਿਭਾਗਾਂ ਅਤੇ ਫਰਮਾਂ ਨੂੰ ਹੁਕਮ ਕੀਤੇ।
ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਕਿ ਬੇਲਰ ਮਾਲਕਾਂ ਪਾਸੋ ਪਿੰਡ ਵਾਰ ਲਿਸਟਾਂ ਪ੍ਰਾਪਤ ਕੀਤੀਆਂ ਜਾਣ ਤਾਂ ਜੋ ਤਿਆਰ ਕੀਤੀਆਂ ਜਾਣ ਵਾਲੀਆਂ ਪਰਾਲੀ ਦੀਆਂ ਗੰਢਾਂ ਦੀ ਸੁਚੱਜੇ ਰੂਪ ਵਿੱਚ ਸਪਲਾਈ ਸਬੰਧਤ ਫਰਮਾਂ ਨੂੰ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟ, ਡੀ ਐਸ ਪੀ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ ਅਤੇ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ, ਕਰਮਚਾਰੀਆਂ ਦਾ ਵੱਟਸਅੱਪ ਗਰੁੱਪ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਪਰਾਲੀ ਪ੍ਰਬੰਧਨ ਸਬੰਧੀ ਲੋੜੀਂਦੀ ਕਾਰਵਾਈ ਨੂੰ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਪਰਾਲੀ ਪ੍ਰਬੰਧਨ ਸਕੀਮ ਦੇ ਜ਼ਿਲ੍ਹਾ ਨੋਡਲ ਅਫਸਰ ਡਾ਼ ਗੁਰਦਿਆਲ ਕੁਮਾਰ, ਬਲਾਕ ਖੇਤੀਬਾੜੀ ਅਫਸਰ ਡਾ਼ ਸੁਭਕਰਨ ਸਿੰਘ, ਡਾ਼ ਰਮਨ ਕਰੋੜੀਆ, ਸ੍ਰੀ ਗੁਰਸਰਨ ਸਿੰਘ ਸਹਾਇਕ ਫੂਡ ਸਪਲਾਈ ਅਫਸਰ, ਪਰਮਜੀਤ ਸਿੰਘ ਮਾਲਕ ਸ਼ਕਤੀਮਾਨ ਐਗਰੋ ਸੇਲ ਮਾਛੀਵਾੜਾ ਅਤੇ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਨਾਚੀਕੇਤਾ ਪੇਪਰ ਮਿੱਲ , ਨਾਹਰ ਇੰਡਸਟਰੀ, ਟੀ. ਸੀ. ਸਪਿੰਨਰ ਇੰਡਸਟਰੀ, ਵਾਈ.ਸੀ. ਡੀ ਅਤੇ ਸੀ.ਡੀ. ਬੀ ਐੱਲ ਫਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ