ਰਜਿਸਟ੍ਰਡ ਫ਼ਰਮਾਂ ਵਿਦੇਸ਼ਾਂ ’ਚ ਰੋਜ਼ਗਾਰ, ਵਰਕ ਵੀਜ਼ਾ,ਵਰਕ ਪਰਮਿਟ ਸੇਵਾਵਾਂ ਨਹੀਂ ਦੇ ਸਕਦੀਆਂ - ਜ਼ਿਲ੍ਹਾ ਮੈਜਿਸਟ੍ਰੇਟ
ਹਰਜਿੰਦਰ ਸਿੰਘ ਭੱਟੀ
- ਕੇਵਲ ਇਮੀਗ੍ਰੇਸ਼ਨ ਐਕਟ 1983 ਤਹਿਤ ਰਜਿਸਟ੍ਰਡ ਫ਼ਰਮਾਂ ਹੀ ਭਾਰਤੀਆਂ ਨੂੰ ਵਿਦੇਸ਼ਾਂ ’ਚ ਰੋਜ਼ਗਾਰ ਸੇਵਾਵਾਂ ਦੇਣ ਲਈ ਸੂਚੀਬੱਧ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਜੁਲਾਈ 2025 - ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਜ਼ਿਲ੍ਹੇ ’ਚ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ (ਪੀ ਟੀ ਪੀ ਆਰ) ਐਕਟ 2012 ਤਹਿਤ ਰਜਿਸਟ੍ਰਡ ਫ਼ਰਮਾਂ ਨੂੰ ਵਿਦੇਸ਼ਾਂ ’ਚ ਰੋਜ਼ਗਾਰ, ਵਰਕ ਵੀਜ਼ਾ, ਵਰਕ ਪਰਮਿਟ ਆਦਿ ਸੇਵਾਵਾਂ ਨਾ ਦੇਣ ਲਈ ਹਦਾਇਤ ਕੀਤੀ ਹੈ।
ਉਨ੍ਹਾਂ ਨੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਰਜਿਸਟ੍ਰਡ ਫ਼ਰਮਾਂ ਨੂੰ ਭਾਰਤੀਆਂ ਵਾਸਤੇ ਵਿਦੇਸ਼ਾਂ ’ਚ ਰੋਜ਼ਗਾਰ, ਵਰਕ ਵੀਜ਼ਾ, ਵਰਕ ਪਰਮਿਟ ਸੇਵਾਵਾਂ ਅਤੇ ਹੋਰ ਨੌਕਰੀ ਨਾਲ ਸਬੰਧਤ ਸੇਵਾਵਾਂ ਲਈ ਕਿਸੇ ਵੀ ਤਰ੍ਹਾਂ ਦਾ ਇਸ਼ਤਿਹਾਰ ਜਾਂ ਪ੍ਰਚਾਰ ਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਲੰਘਣਾ ਪਾਏ ਜਾਣ ’ਤੇ ਸਬੰਧਤ ਫ਼ਰਮ ਵਿਰੁੱਧ ਇਮੀਗ੍ਰੇਸ਼ਨ ਐਕਟ 1983 ਤਹਿਤ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਭਾਰਤੀਆਂ ਵਾਸਤੇ ਵਿਦੇਸ਼ਾਂ ’ਚ ਰੋਜ਼ਗਾਰ, ਵਰਕ ਵੀਜ਼ਾ, ਵਰਕ ਪਰਮਿਟ ਸੇਵਾਵਾਂ ਅਤੇ ਹੋਰ ਨੌਕਰੀ ਨਾਲ ਸਬੰਧਤ ਸੇਵਾਵਾਂ ਇਮੀਗ੍ਰੇਸ਼ਨ ਐਕਟ 1983 ਤਹਿਤ ਰਜਿਸਟ੍ਰਡ ਰਿਕਰੂਟਿੰਗ ਏਜੰਟ ਹੀ ਇਹ ਸੇਵਾਵਾਂ ਦੇ ਸਕਦੇ ਹਨ।
ਉਨ੍ਹਾਂ ਨੇ ਵਿਦੇਸ਼ਾਂ ’ਚ ਰੋਜ਼ਗਾਰ ਲਈ ਜਾਣ ਦੇ ਚਾਹਵਾਨ ਲੋਕਾਂ ਨੂੰ ਕੇਵਲ ਇਮੀਗ੍ਰੇਸ਼ਨ ਐਕਟ 1983 ਤਹਿਤ ਰਜਿਸਟ੍ਰਡ ਰਿਕਰੂਟਿੰਗ ਏਜੰਟ ਰਾਹੀਂ ਹੀ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਵੈੱਬਸਾਈਟ ਇਮੀਗ੍ਰੇਟ ਡਾਟ ਜੀ ਓ ਵੀ ਡਾਟ ਇੰਨ ’ਤੇ ਜਾ ਕੇ ਲਈ ਜਾ ਸਕਦੀ ਹੈ। ਉਨ੍ਹਾਂ ਨੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ (ਪੀ ਟੀ ਪੀ ਆਰ) ਐਕਟ 2012 ਤਹਿਤ ਰਜਿਸਟ੍ਰਡ ਫ਼ਰਮਾਂ ਪਾਸੋਂ ਵਿਦੇਸ਼ਾਂ ’ਚ ਰੋਜ਼ਗਾਰ ਸਬੰਧੀ ਕੋਈ ਵੀ ਸੇਵਾ ਲੈਣ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਇਹ ਫ਼ਰਮਾਂ ਰੋਜ਼ਗਾਰ ਸਬੰਧੀ ਸੇਵਾਵਾਂ ਦੇਣ ਲਈ ਅਧਿਕਾਰਿਤ ਨਹੀਂ ਹਨ।
ਉਨ੍ਹਾਂ ਨੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ (ਪੀ ਟੀ ਪੀ ਆਰ) ਐਕਟ 2012 ਤਹਿਤ ਰਜਿਸਟ੍ਰਡ ਫ਼ਰਮਾਂ ਨੂੰ ਵੀ ਭਾਰਤੀਆਂ ਨੂੰ ਵਿਦੇਸ਼ਾਂ ’ਚ ਰੋਜ਼ਗਾਰ ਸੇਵਾਵਾਂ ਦੇ ਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਜਾਂ ਪ੍ਰਚਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।