ਐਫਸੀਆਈ ਵਿੱਚ ਲੱਗੇ ਟੋਟਾ ਚੌਲਾਂ ਦੇ ਘਪਲੇ ਦਾ: ਰਿਪੋਰਟ ਵਿੱਚ ਦੇਰੀ
- ਆਪਣੇ ਤੋਂ ਛੋਟੇ ਅਧਿਕਾਰੀਆਂ ਦਾ ਮੋਢਾ ਵਰਤਣ ਚ' ਲੱਗੇ ਅਧਿਕਾਰੀ, ਰਿਪੋਰਟ ਵਿੱਚ ਦੇਰੀ
ਦੀਪਕ ਜੈਨ
ਜਗਰਾਉਂ, 2 ਜੁਲਾਈ 2025 - ਬੀਤੇ ਪਿਛਲੇ ਮਹੀਨੇ ਤੋਂ ਅਖਬਾਰਾਂ ਦੀਆਂ ਸੁਰਖੀਆਂ ਦੇ ਨਾਲ ਨਾਲ ਚਰਚਾ ਦਾ ਵਿਸ਼ਾ ਬਣਿਆ ਐਫਸੀਆਈ ਵਿੱਚ ਲੱਗੇ ਸੈਲਰ ਮਾਲਕਾਂ ਦੇ 50% ਤੱਕ ਟੋਟਾ ਚੌਲਾਂ ਦਾ ਮਾਮਲਾ ਹੁਣ ਨਵੀਂ ਰੰਗਤ ਫੜ ਕੇ ਫਿਰ ਤੋਂ ਸੁਰਖੀਆਂ ਵਿੱਚ ਆਇਆ ਜਾਪਦਾ ਹੈ।
ਅਖਬਾਰਾਂ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਜਗਰਾਉਂ ਦੇ ਐਸਡੀਐਮ ਕਰਨਦੀਪ ਸਿੰਘ ਨੇ ਮਾਮਲੇ ਦੀ ਨਜਾਕਤ ਨੂੰ ਸਮਝਦੇ ਹੋਏ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਲਈ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ 12 ਜੂਨ ਨੂੰ ਫੂਡ ਸਪਲਾਈ ਵਿਭਾਗ ਦੇ ਡੀਐਫਐਸਸੀ ਸਰਤਾਜ ਚੀਮਾ ਨੂੰ ਇੱਕ ਪੱਤਰ ਜਾਰੀ ਕਰਕੇ ਜਾਂਚ ਕਰਨ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਉਸ ਦੀ ਰਿਪੋਰਟ ਵਾਪਸ ਐਸਡੀਐਮ ਦਫਤਰ ਦੇਣ ਬਾਰੇ ਲਿਖਿਆ ਸੀ। ਜਿਸ ਬਾਰੇ ਬਾਰ-ਬਾਰ ਰਿਪੋਰਟ ਮੰਗਣ ਤੋਂ ਬਾਅਦ ਵੀ ਕਦੀ ਛੁੱਟੀਆਂ ਤੇ ਚੋਣ ਡਿਊਟੀ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਐਸਡੀਐਮ ਦਫਤਰ ਨਹੀਂ ਦਿੱਤੀ ਗਈ। ਹੁਣ ਜਦ ਉਹ ਡੇਢ ਹਫਤੇ ਦੇ ਕਰੀਬ ਲੇਟ ਰਿਪੋਰਟ ਐਸਡੀਐਮ ਦਫਤਰ ਦਾਖਲ ਕਰਵਾਈ ਗਈ ਤਾਂ ਇਹ ਉਹੀ ਰਿਪੋਰਟ ਐਸਡੀਐਮ ਦਫਤਰ ਦਿੱਤੀ ਕਰਵਾਈ ਗਈ ਜੋ ਐਫਸੀਆਈ ਅਧਿਕਾਰੀਆਂ ਵੱਲੋਂ ਬਣਾਈ ਗਈ ਸੀ। ਐਸਡੀਐਮ ਜਗਰਾਉਂ ਨੇ ਡੀਐਫਐਸਸੀ ਨੂੰ ਖੁਦ ਜਾਂਚ ਕਰਕੇ ਰਿਪੋਰਟ ਬਣਾਉਣ ਬਾਰੇ ਕਿਹਾ ਸੀ ਫਿਰ ਇਸ ਪਿੱਛੇ ਕੀ ਕਾਰਨ ਹੈ ਕਿ ਫੂਡ ਸਪਲਾਈ ਵਿਭਾਗ ਦੇ ਡੀਐਫਐਸਸੀ ਨੇ ਉਹੀ ਰਿਪੋਰਟ ਪੇਸ਼ ਕਰ ਦਿੱਤੀ ਜੋ ਐਫਸੀਆਈ ਅਧਿਕਾਰੀਆਂ ਵੱਲੋਂ ਬਣਾਈ ਗਈ ਸੀ।
ਸੂਤਰਾਂ ਦੇ ਹਵਾਲੇ ਤੋਂ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜੋ ਰਿਪੋਰਟ ਐਫਸੀਆਈ ਦੇ ਵੱਡੇ ਅਧਿਕਾਰੀਆਂ ਵੱਲੋਂ ਬਣਾਈ ਗਈ ਸੀ ਉਹ ਰਿਪੋਰਟ ਨੂੰ ਵੀ ਸ਼ੈਲਰ ਮਾਲਕਾਂ ਵੱਲੋਂ ਆਪਣੇ ਹੱਕ ਵਿੱਚ ਬਣਵਾਉਣ ਦੇ ਲਈ ਮੋਟੀ ਸੌਦੇਬਾਜ਼ੀ ਹੋਈ ਸੀ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਸਡੀਐਮ ਦੀ ਚਿੱਠੀ ਤੋਂ ਬਾਅਦ ਖੁਦ ਡੀਐਫਐਸਸੀ ਵੱਲੋਂ ਤਿੰਨ ਸੈਲਰਾਂ ਦੀ ਚੈਕਿੰਗ ਕਰਕੇ ਡੀਐਫਐਸਓ ਨੂੰ ਰਿਪੋਰਟ ਬਣਾਉਣ ਲਈ ਆਖਿਆ ਗਿਆ ਡੀਐਫਐਸਓ ਵੱਲੋਂ ਬਿਨਾਂ ਜਾਂਚ ਤੋਂ ਰਿਪੋਰਟ ਬਣਾਉਣ ਤੋਂ ਸਾਫ ਸ਼ਬਦਾਂ ਵਿੱਚ ਮਨਾ ਕਰ ਦਿੱਤਾ ਗਿਆ। ਹੁਣ ਇਥੋਂ ਇਹ ਲੱਗਦਾ ਹੈ ਕੀ ਡੀਐਫਐਸਸੀ ਆਪਣੇ ਗਲ ਵਿੱਚ ਪਿਆ ਹੋਇਆ ਜਾਂਚ ਰਿਪੋਰਟ ਦਾ ਢੋਲ ਖੁਦ ਵਜਾਉਣ ਦੀ ਬਜਾਏ ਡੀਐਫਐਸਓ ਤੋਂ ਵਜਵਾਉਣਾ ਚਾਹੁੰਦੇ ਹਨ ਕਿਉਂਕਿ ਇਸ ਮਾਮਲੇ ਬਾਰੇ ਸਾਰੇ ਅਧਿਕਾਰੀ ਭਲੀਭਾਤੀ ਜਾਣਦੇ ਹਨ ਅਤੇ ਕੋਈ ਵੀ ਅਧਿਕਾਰੀ ਕਾਲਖ ਦੀ ਕੋਠੜੀ ਵਿੱਚ ਵੜ ਕੇ ਆਪਣੇ ਆਪ ਨੂੰ ਦਾਗ ਨਹੀਂ ਲਗਵਾਉਣਾ ਚਾਹੁੰਦਾ। ਜਦੋਂ ਸਾਰੇ ਮਾਮਲੇ ਵਿੱਚ ਡੀਐਫਐਸਸੀ ਸਰਤਾਜ ਚੀਮਾ ਦਾ ਪੱਖ ਲੈਣ ਲਈ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸਮਝਿਆ।