Babushahi Special ਐਧਰ ਆ ਸ਼ਰੀਕਣੀਏ ਨੀਂ ਆਢਾ ਲਾ ਸ਼ਰੀਕਣੀਏ ਵਾਲੀ ਸਥਿਤੀ ’ਚ ਫਸੀ ਬਠਿੰਡਾ ਨਿਗਮ ਵਿੱਚ ਕਾਂਗਰਸ
ਅਸ਼ੋਕ ਵਰਮਾ
ਬਠਿੰਡਾ,29 ਅਪ੍ਰੈਲ 2025 : ਨਗਰ ਨਿਗਮ ਤੇ ਕਾਬਜ ਹੋਣ ਤੋਂ ਬਾਅਦ ਲਗਾਤਾਰ ਸਿਆਸੀ ਝਟਕਿਆਂ ਦਾ ਸਾਹਮਣਾ ਕਰ ਰਹੀ ਸ਼ਹਿਰੀ ਕਾਂਗਰਸ ਨੂੰ ਹੁਣ ਇੱਕ ਹੋਰ ਝਟਕਾ ਦਿੰਦਿਆਂ ਪਹਿਲਾਂ ਮੇਅਰ ਤੇ ਮਗਰੋਂ ਡਿਪਟੀ ਮੇਅਰ ਨੂੰ ਹਟਾਉਣ ’ਚ ਸਫਲ ਰਹੀ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੂੰ ਗੱਦੀਓਂ ਲਾਹੁਣ ਦੀ ਤਿਆਰੀ ਖਿੱਚ੍ਹ ਦਿੱਤੀ ਹੈ। ਇਸ ਰਣਨੀਤੀ ਤਹਿਤ ਸੋਮਵਾਰ ਨੂੰ ਕੌਂਸਲਰਾਂ ਨੇ ਕਮਿਸ਼ਨਰ ਅਜੇ ਅਰੋੜਾ ਨੂੰ ਸੀਨੀਅਰ ਡਿਪਟੀ ਮੇਅਰ ਖਿਲਾਫ ਬੇਭਰੋਸਗੀ ਦਾ ਮਤਾ ਸੌਂਪ ਦਿੱਤਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮਤਾ ਸੌਂਪਣ ਵਾਲਿਆਂ ’ਚ ਕਈ ਕਾਂਗਰਸੀ ਕੌਸਲਰ ਵੀ ਸ਼ਾਮਲ ਸਨ ਜਿੰਨ੍ਹਾਂ ਨੇ ਪਾਰਟੀ ਦੀ ਟਿਕਟ ਤੇ ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਮੌਕੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਛਤਰ ਛਾਇਆ ਹੇਠ ਅਕਾਲੀ ਦਲ ਭਾਜਪਾ ਗਠਜੋੜ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।
ਕੌਂਸਲਰਾਂ ਨੇ ਕਮਿਸ਼ਨਰ ਤੋਂ ਬੇਭਰੋਸਗੀ ਮਤੇ ਤੇ ਜਲਦੀ ਤੋਂ ਜਲਦੀ ਵੋਟਾਂ ਪੁਆਉਣ ਅਤੇ ਸਨੀਅਰ ਡਿਪਟੀ ਮੇਅਰ ਨੂੰ ਬਹੁਮਤ ਸਾਬਤ ਕਰਨ ਲਈ ਕਹਿਣ ਦੀ ਮੰਗ ਕੀਤੀ ਹੈ । ਜੇਕਰ ਮਤੇ ਤੇ ਦਸਤਖਤ ਕਰਨ ਵਾਲੇ 34 ਕੌਂਸਲਰ ਸੀਨੀਅਰ ਡਿਪਟੀ ਮੇਅਰ ਖਿਲਾਫ ਵੋਟਾਂ ਪਾਉਂਦੇ ਹਨ ਤਾਂ ਉਨ੍ਹਾਂ ਦਾ ਹਟਣਾ ਤੈਅ ਹੈ। ਇਸ ਨਵੀਂ ਰਣਨੀਤੀ ਨਾਲ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਸ਼ਰੀਕਣੀਆਂ ਵਾਂਗ ਮਿਹਣੋ ਮਿਹਣੀ ਹੁੰਦੇ ਆ ਰਹੇ ਕਾਂਗਰਸੀਆਂ ਦੀ ਆਪਸੀ ਜੰਗ ਹੁਣ ਪੂਰੀ ਤਰਾਂ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਗਈ ਹੈ। ਦੂਜੇ ਪਾਸੇ ਡਿਪਟੀ ਮੇਅਰ ਦੇ ਉਲਟ ਕਾਂਗਰਸ ਪਾਰਟੀ ਨੇ ਆਪਣੀ ਇਕਲੌਤੀ ਕੁਰਸੀ ਬਚਾਉਣ ਲਈ ਜੋੜ ਤੋੜ ਸ਼ੁਰੂ ਕਰ ਦਿੱਤੀ ਹੈ। ਪਾਰਟੀ ਬੇਭਰੋਸਗੀ ਮਤੇ ਤੇ ਦਸਤਖਤ ਕਰਨ ਵਾਲੇ ਦੋ ਕੌਂਸਲਰਾਂ ਤੇ ਠੰਢਾ ਛਿੜਕਣ ’ਚ ਸਫਲ ਹੋ ਗਈ ਹੈ ਜਦੋਂਕਿ ਇੱਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬੇਭਰੋਸਗੀ ਮਤੇ ਨੂੰ ਲੈਕੇ ਕਾਂਗਰਸੀ ਕੌਂਸਲਰਾਂ ਦੇ ਪੈਂਤੜੇ ਕਾਰਨ ਗਰਮੀ ਦੇ ਮੌਸਮ ਦੌਰਾਨ ਨਗਰ ਨਿਗਮ ਦੀ ਰਾਜਨੀਤੀ ਵਿੱਚ ਸਿਆਸੀ ਭਾਫਾਂ ਨਿਕਲਣ ਲੱਗੀਆਂ ਹਨ। ਹਾਲਾਂਕਿ ਪਹਿਲੀ ਨਜ਼ਰੇ ਇਹ ਲੜਾਈ ਸੀਨੀਅਰ ਡਿਪਟੀ ਮੇਅਰ ਨੂੰ ਅਹੁਦੇ ਤੋਂ ਹਟਾਉਣ ਦੀ ਜਾਪਦੀ ਹੈ ਪਰ ਸਿਆਸੀ ਮਾਹਿਰਾਂ ਨੇ ਇਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਉਪਰੰਤ ਪੈਦਾ ਹੋਈ ਸਿਆਸੀ ਸ਼ਰੀਕੇਬਾਜ਼ੀ ਦਾ ਸਿੱਟਾ ਦੱਸਿਆ ਹੈ। ਜਾਣਕਾਰੀ ਅਨੁਸਾਰ ਬੇਭਰੋਸਗੀ ਦੇ ਮਤੇ ਤੇ 34 ਕੌਂਸਲਰਾਂ ਦੇ ਦਸਤਖ਼ਤ ਹਨ ਜਿਨ੍ਹਾਂ ਵਿੱਚ ਵੱਖਰੀ ਸਿਆਸੀ ਵਿਚਾਰਧਾਰਾ ਵਾਲੇ ਵੀ ਦੱਸੇ ਜਾ ਰਹੇ ਹਨ। ਸੀਨੀਅਰ ਡਿਪਟੀ ਮੇਅਰ ਨੂੰ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਹਾਕਮ ਧਿਰ ਦੇ ਹੱਥ ਵਿੱਚ ਹੋਣ ਕਰਕੇ ਮੰਨਿਆ ਜਾ ਰਿਹਾ ਹੈ ਕਿ ਮੋਢੀ ਆਗੂਆਂ ਨੇ ਗਿਣਤੀਆਂ ਮਿਣਤੀਆਂ ਵਿਚਾਰਨ ਉਪਰੰਤ ਹੀ ਇਹ ਮੁਹਿੰਮ ਵਿੱਢੀ ਹੈ।
ਆਪਣੇ ਔਖੇ ਤਾਂ ਕਿਵੇਂ ਬਚੂ ਕੁਰਸੀ
ਰੌਚਕ ਪਹਿਲੂ ਇਹ ਵੀ ਹੈ ਕਿ ਬੇਭਰੋਸਗੀ ਮਤੇ ’ਚ ਕੌਂਸਲਰਾਂ ਨੇ ਜਿਆਦਾਤਾਰ ਕਾਰਨ ਪੁਰਾਣੇ ਹੀ ਦੱਸੇ ਹਨ। ਪੱਤਰ ਅਨੁਸਾਰ ਸੀਨੀਅਰ ਡਿਪਟੀ ਮੇਅਰ ਨੇ ਵਿਕਾਸ ਤੇ ਧਿਆਨ ਨਹੀਂ ਦਿੱਤਾ ਅਤੇ ਨਾਂ ਹੀ ਕੌਂਸਲਰਾਂ ਦੀ ਗੱਲ ਸੁਣੀ ਹੈ। ਇਹ ਵੀ ਕਿਹਾ ਹੈ ਕਿ ਮੇਅਰ ਰਮਨ ਗੋਇਲ ਨੂੰ ਹਟਾਉਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਨੇ ਹਾਊਸ ਚਲਾਉਣ ’ਚ ਆਪਣੀ ਮਨਮਰਜੀ ਕੀਤੀ ਹੈ।
ਹਾਕਮ ਧਿਰ ਨੇ ਝਾੜੂ ਚੁੱਕਿਆ
ਦਰਅਸਲ ਪਦਮਜੀਤ ਸਿੰਘ ਮਹਿਤਾ ਦੇ ਮੇਅਰ ਬਣਨ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਤੇ ਕਾਂਗਰਸ ਕਾਬਜ ਸੀ। ਜਦੋਂ ਡਿਪਟੀ ਮੇਅਰ ਹਰਮੰਦਰ ਸਿੰਘ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਸੀ ਤਾਂ ਉਨ੍ਹਾਂ ਨੇ ਵੋਟਾਂ ਪੈਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਜੋ ਪ੍ਰਵਾਨ ਵੀ ਹੋ ਗਿਆ ਸੀ। ਜੇਕਰ ਸੀਨੀਅਰ ਡਿਪਟੀ ਮੇਅਰ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਦੋਵਾਂ ਅਹੁਦਿਆਂ ਤੇ ਮੇਅਰ ਦੀ ਚੋਣ ਵਿੱਚ ਮਹਿਤਾ ਪ੍ਰੀਵਾਰ ਦਾ ਸਾਥ ਦੇਣ ਵਾਲੇ ਕੌਂਸਲਰਾਂ ਨੂੰ ਬਿਠਾਉਣ ਦੀ ਸੰਭਾਵਨਾ ਹੈ।
ਕਿਰਕਰੀ ਖਿਲਾਫ ਕੁੱਦਿਆ ਪ੍ਰਧਾਨ
ਪਹਿਲਾਂ ਮੇਅਰ ਦੀ ਚੋਣ ਅਤੇ ਫਿਰ ਡਿਪਟੀ ਮੇਅਰ ਦੇ ਅਹੁਦੇ ਨੂੰ ਲੈਕੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਕਿਰਕਰੀ ਕਰਵਾ ਚੁੱਕੀ ਕਾਂਗਰਸ ਦਾ ਨੱਕ ਬਚਾਉਣ ਲਈ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਮੋਰਚਾ ਸੰਭਾਲਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਕੌਂਸਲਰ ਪੁਸ਼ਪਾ ,ਉਨ੍ਹਾਂ ਦੇ ਪਤੀ ਵਿਪਨ ਮਿੱਤੂ ਤੇ ਕਾਂਗਰਸੀ ਕੌਂਸਲਰ ਸੁਖਦੇਵ ਸਿੰਘ ਸੁੱਖਾ ਮੰਨ ਗਏ ਹਨ। ਕੌਂਸਲਰ ਕਮਲਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਿਗਮ ’ਚ ਸਭ ਤੋਂ ਵੱਧ ਕੌਂਸਲਰਾਂ ਵਾਲੀ ਕਾਂਗਰਸ ਦੋ ਅਹੁਦਿਆਂ ਦੇ ਨਾਲ ਨਾਲ ਆਪਣੀ ਸਿਆਸੀ ਇੱਜਤ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸ ਪਾਰਟੀ ਮੇਰੇ ਨਾਲ
ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਮੇਰੇ ਨਾਲ ਹੈ ਅਤੇ ਉਹ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤੌਰ ਤੇ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕਾਂਗਰਸ ਦੇ ਸਮੂਹ ਕੌਂਸਲਰ ਉਨ੍ਹਾਂ ਦਾ ਹੀ ਸਾਥ ਦੇਣਗੇ ਜੋਕਿ ਵੋਟਾਂ ਪੈਣ ਵਕਤ ਸਾਬਤ ਵੀ ਹੋ ਜਾਏਗਾ।
ਜਰਨਲ ਹਾਊਸ ਦੀ ਮੀਟਿੰਗ ਜਲਦੀ
ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੋ ਮਈ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਲਈ ਏਜੰਡੇ ਵੀ ਤਿਆਰ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਬੇਭਰੋਸਗੀ ਮਤੇ ਤੇ 11 ਵਜੇ ਮੀਟਿੰਗ ਹੋ ਸਕਦੀ ਹੈ। ਸੀਨੀਅਰ ਡਿਪਟੀ ਮੇਅਰ ਨੂੰ ਹਟਾਉਣ ਲਈ ਨਿਯਮਾਂ ਮੁਤਾਬਕ ਹਾਜ਼ਰ ਕੌਂਸਲਰਾਂ ਚੋਂ ਦੋ ਤਿਹਾਈ ਦੀਆਂ ਵੋਟਾਂ ਮਤੇ ਦੇ ਹੱਕ ’ਚ ਪੈਣੀਆਂ ਜਰੂਰੀ ਹਨ ਨਹੀਂ ਤਾਂ ਮਤਾ ਰੱਦ ਮੰਨਿਆ ਜਾਏਗਾ।