ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਦਸਤਾਵੇਜ਼ ਅਤੇ ਮੁਲਾਕਾਤਾਂ ਪੁਸਤਕ : ਵਿਲੱਖਣ ਦਸਤਾਵੇਜ਼
ਉਜਾਗਰ ਸਿੰਘ
ਸਿੱਖ ਸਿਆਸਤਦਾਨਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ। ਉਸ ਵਿੱਚ ਜਿਤਨੀ ਸਿਆਸੀ ਅਤੇ ਧਾਰਮਿਕ ਕਾਬਲੀਅਤ ਦਾ ਸੁਮੇਲ ਸੀ, ਹੋਰ ਕਿਸੇ ਸਿੱਖ ਵਿਦਵਾਨ ਵਿੱਚ ਵੇਖਣ ਨੂੰ ਨਹੀਂ ਮਿਲਦਾ। ਬੇਸ਼ੱਕ ਉਹ ਸਿਆਸਤਦਾਨ ਨਾਲੋਂ ਧਾਰਮਿਕ ਰਹਿਨੁਮਾ ਬਿਹਤਰੀਨ ਸਨ ਪ੍ਰੰਤੂ ਉਨ੍ਹਾਂ ਦੀ ਸਿਆਸੀ ਸੂਝ-ਬੂਝ ਦਾ ਮੁਕਾਬਲਾ ਕਰਨਾ ਵੀ ਅਸੰਭਵ ਹੈ। ਉਹ ਮਿਕਨਾਤੀਸੀ ਸੋਚ ਦਾ ਮੁਜੱਸਮਾ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਥ ਰਤਨ ਵੀ ਕਿਹਾ ਜਾਂਦਾ ਸੀ, ਕਿਉਂਕਿ ਪੰਥ ਲਈ ਉਹ ਜ਼ਿੰਦ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ। ਉਨ੍ਹਾਂ ਜਿਤਨਾ ਪੰਥ ਹਿਤੈਸ਼ੀ ਸਿੱਖ ਸਿਆਸਤਦਾਨ ਨਾ ਕੋਈ ਹੋਇਆ ਅਤੇ ਨਾ ਹੀ ਵਰਤਮਾਨ ਹਾਲਾਤ ਵਿੱਚ ਹੁੰਦਾ ਲੱਗਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਸਿਆਸੀ ਅਤੇ ਧਾਰਮਿਕਤਾ ਦਾ ਸੁਮੇਲ ਕਿਹਾ ਜਾਂਦਾ ਸੀ। ਉਨ੍ਹਾਂ ਦੇ 100ਵੇਂ ਜਨਮ ਦਿਨ ਉਪਰ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਤੇ ਖੋਜ ਪੱਤਰ ਲਿਖੇ ਹਨ। ਪੰਥ ਅਤੇ ਪੰਥਕ ਸਿਆਸਤ ਨੂੰ ਪ੍ਰਣਾਏ ਹਰਵਿੰਦਰ ਸਿੰਘ ਖ਼ਾਲਸਾ ਨੇ ਇੱਕ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਯੋਗਦਾਨ ਬਾਰੇ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇਤਿਹਾਸਕ ਮੁਲਾਕਾਤਾਂ ਅਤੇ ਦਸਤਾਵੇਜ਼’ ਸੰਪਾਦਤ ਕੀਤੀ ਹੈ, ਜਿਸ ਵਿੱਚ ਜਥੇਦਾਰ ਟੌਹੜਾ ਨਾਲ ਵੱਖ-ਵੱਖ ਵਿਦਵਾਨਾ ਤੇ ਪੱਤਰਕਾਰਾਂ ਵੱਲੋਂ ਕੀਤੀਆਂ ਮੁਲਾਕਾਤਾਂ ਸ਼ਾਮਲ ਹਨ।
ਹਰਵਿੰਦਰ ਸਿੰਘ ਖ਼ਾਲਸਾ ਧਾਰਮਿਕ ਖੋਜੀ ਇਤਿਹਾਸਕਾਰ ਹੈ। ਉਸ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਤ ਦੋ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸੱਚਾ-ਸੁੱਚਾ ਸਿੱਖ ਹੈ, ਜਿਸ ਕਰਕੇ ਸਿੱਖੀ ਸੋਚ ‘ਤੇ ਪਹਿਰਾ ਦੇਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਹਰਵਿੰਦਰ ਸਿੰਘ ਖ਼ਾਲਸਾ ਸਿੱਖੀ ਨੂੰ ਵਰੋਸਾਇਆ ਹੋਇਆ ਇਤਿਹਾਸਕਾਰ ਹੈ। ਉਹ ਲਗਾਤਾਰ ਸਿੱਖ ਧਰਮ ਤੇ ਇਤਿਹਾਸ ਬਾਰੇ ਲਗਨ, ਦ੍ਰਿੜ੍ਹਤਾ ਅਤੇ ਖੋਜੀ ਪਹੁੰਚ ਨਾਲ ਜਾਣਕਾਰੀ ਇਕੱਤਰ ਕਰਦਾ ਤੇ ਵੰਡਦਾ ਰਹਿੰਦਾ ਹੈ। ਉਸਦੀ ਜ਼ਿੰਦਗੀ ਦਾ ਮੰਤਵ ਸਿੱਖ ਸੋਚ ਨੂੰ ਸਿੱਖ ਜਗਤ ਵਿੱਚ ਤੱਥਾਂ ਸਮੇਤ ਪਹੁੰਚਾਉਣਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਤੇ ਸੁਚੱਜੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਹ ਬਚਪਨ ਤੋਂ ਹੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜਿਆ ਹੋਇਆ ਹੈ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ ਹੈ। ਉਸਨੇ ਦੇਸ਼-ਵਿਦੇਸ਼ ਵਿੱਚ ਗੁਰਮਤਿ ਦੇ ਕੈਂਪ ਲਗਾਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਹਰਵਿੰਦਰ ਸਿੰਘ ਖ਼ਾਲਸਾ ਨੇ ਸੱਚੇ-ਸੁੱਚੇ ਤੇ ਇਮਾਨਦਾਰ ਸਿੱਖ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਇਹ ਪੁਸਤਕ ਸੰਪਾਦਤ ਕਰਕੇ ਇੱਕ ਵਿਲੱਖਣ ਕਾਰਜ਼ ਕੀਤਾ ਹੈ, ਜੋ ਸਿੱਖ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਆਪਣੇ ਸਾਰੇ ਸਿਆਸੀ ਅਤੇ ਧਾਰਮਿਕ ਜੀਵਨ ਵਿੱਚ ਵਾਦ-ਵਿਵਾਦਾਂ ਦਾ ਵਿਸ਼ਾ ਬਣਿਆਂ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਵਿਰੋਧੀ ਲਗਾਤਾਰ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਕਾਰਜਸ਼ੀਲ ਰਹਿੰਦੇ ਸਨ ਪ੍ਰੰਤੂ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰਨਾ ਇਨਸਾਨ ਦੇ ਵਸ ਵਿੱਚ ਨਹੀਂ ਹੁੰਦਾ। ਇਨ੍ਹਾਂ ਮੁਲਾਕਾਤਾਂ ਵਿੱਚ ਉਨ੍ਹਾਂ ਬਾਰੇ ਸਾਰੇ ਸ਼ੰਕੇ ਅਤੇ ਲੋਕਾਂ ਵੱਲੋਂ ਲਗਾਏ ਗਏ ਇਲਜ਼ਾਮਾ ਦਾ ਖੰਡਨ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਹੋਰ ਵਿਅਕਤੀ ਵੱਲੋਂ ਪ੍ਰਗਟ ਕੀਤੇ ਵਿਚਾਰ ਨਹੀਂ, ਸਗੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਪਣੀ ਜ਼ੁਬਾਨੀ ਪ੍ਰਗਟ ਕੀਤੇ ਵਿਚਾਰ ਹਨ। ਇਹ ਮੁਲਾਕਾਤਾਂ ਅਖ਼ਬਾਰਾਂ ਅਤੇ ਮੈਗਜ਼ੀਨਾ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਪੁਸਤਕ ਰੂਪ ਵਿੱਚ ਪਹਿਲੀ ਵਾਰੀ ਪ੍ਰਕਾਸ਼ਤ ਹੋਈਆਂ ਹਨ। ਇਹ ਪੁਸਤਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜ਼ਿੰਦਗੀ ਤੇ ਵਿਚਰਧਾਰਾ ਦਾ ਨਚੋੜ ਹੈ। ਹਰਵਿੰਦਰ ਸਿੰਘ ਖ਼ਾਲਸਾ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਮੁਲਾਕਾਤਾਂ ਜਥੇਦਾਰ ਟੌਹੜਾ ਦੀ ਸਿੱਖੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। ਜਿਹੜੀਆਂ ਊਜਾਂ ਜਥੇਦਾਰ ਟੌਹੜਾ ਉਪਰ ਉਸ ਦੇ ਧਾਰਮਿਕ ਅਤੇ ਸਿਆਸੀ ਵਿਰੋਧੀ ਲਾਉਂਦੇ ਸਨ, ਉਨ੍ਹਾਂ ਦਾ ਨਿਪਟਾਰਾ ਹੋ ਜਾਂਦਾ ਹੈ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਬੇਸ਼ਕ ਸਿਆਸੀ ਬੁੱਧੀਮਾਨ ਵੀ ਸੀ ਪ੍ਰੰਤੂ ਜਿਹੜੀ ਪਕੜ ਉਸਦੀ ਸਿੱਖ ਵਿਚਾਰਧਾਰਾ ਉਪਰ ਸੀ, ਉਸਦਾ ਕੋਈ ਜਵਾਬ ਨਹੀਂ। ਕਈ ਵਾਰ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਵਿਅਕਤਿਵ ਨਾਲ ਗ਼ੈਰ ਜ਼ਰੂਰੀ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਬਾਰੇ ਅਖ਼ਬਾਰ ਪੜ੍ਹਨ ਵਾਲੇ ਸਾਰੇ ਪਾਠਕਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ ਸੀ। ਇਸ ਪੁਸਤਕ ਨੇ ਉਹ ਸਾਰੇ ਵਾਦ-ਵਿਵਾਦਾਂ ਤੋਂ ਟੌਹੜਾ ਸਾਹਿਬ ਦਾ ਖਹਿੜਾ ਛੁਡਾ ਦਿੱਤਾ ਹੈ, ਜਿਵੇਂ ਬਲਿਊ ਸਟਾਰ ਅਪ੍ਰੇਸ਼ਨ ਮੌਕੇ ਹੱਥ ਖੜ੍ਹੇ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਾਹਰ ਆਉਣਾ, ਕੇਂਦਰ ਨਾਲ ਮੀਟਿੰਗਾਂ ਵਿੱਚ ਬਲਿਊ ਸਟਾਰ ਕਰਨ ਲਈ ਕਹਿਣਾ, ਕਾਮਰੇਡ ਸੁਰਜੀਤ ਨਾਲ ਮਿਲੇ ਹੋਣਾ, ਉਨ੍ਹਾਂ ਦੇ ਵਿਅਕਤਿਵ ‘ਤੇ ਚਿਕੜ ਸੁੱਟਣਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ‘ਤੇ ਭੇਜਣਾ, ਸ੍ਰੀ ਹਰਿਮੰਦਰ ਸਾਹਿਬ ਤੋਂ ਹਥਿਆਰਾਂ ਦਾ ਬਰਾਮਦ ਹੋਣਾ ਆਦਿ। ਇਸ ਤੋਂ ਇਲਾਵਾ ਜਿਹੜੇ ਸੁਧਾਰ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਕੀਤੇ , ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਖਾਲਸਾ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮ ਸਮੇਂ ਕਿਨ੍ਹਾਂ ਹਾਲਾਤ ਵਿੱਚ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ, ਕਿਸ ਪ੍ਰਕਾਰ ਸਰਕਾਰ ਨੇ ਅਕਾਲ ਤਖ਼ਤ ‘ਤੇ ਕਬਜ਼ਾ ਕਰ ਲਿਆ, ਕਿਵੇਂ ਸਰਕਾਰ ਪੰਥਕਤਾ ਤੋਂ ਦੂਰ ਹੁੰਦੀ ਰਹੀ ਆਦਿ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਮਿਲਦੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਥ ਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ। ਸਿੱਖ ਸਿਆਸਤ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਕਿਰਦਾਰ ਇਸ ਪੁਸਤਕ ਵਿੱਚੋਂ ਉਘੜਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਸਿੱਖ ਪੰਥ ਦੀ ਥਾਂ ਆਪਣੀ ਮੁੱਖ ਮੰਤਰੀ ਦੀ ਗੱਦੀ ਦਾ ਜ਼ਿਆਦਾ ਫ਼ਿਕਰ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਕੌਮੀ ਨੇਤਾ ਸਥਾਪਤ ਕਰਵਾਉਣ ਲਈ ਪੰਥ ਨੂੰ ਦਾਅ ‘ਤੇ ਲਾ ਕੇ ਸਿਆਸੀ ਰਾਹ ਸਾਫ ਕੀਤਾ। 28 ਤੰਬਰ 1979 ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਸਤੀਫ਼ਿਆਂ ਦੇ ਤੱਥਾਂ ਸਮੇਤ, ਕਾਰਨ ਪੁਸਤਕ ਵਿੱਚ ਸ਼ਾਮਲ ਕਰਨਾ ਪੰਥ ਨੂੰ ਅਸਲੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਈ ਵਾਰ ਆਮ ਸੰਗਤ ਨੂੰ ਅੰਦਰੂਨੀ ਸਰਗਰਮੀਆਂ ਅਤੇ ਚਾਲਾਂ ਬਾਰੇ ਜਾਣਕਾਰੀ ਨਹੀਂ ਹੁੰਦੀ। 29 ਅਕਤੂਬਰ 1978 ਨੂੰ 18ਵੀਂ ਸਰਬ-ਹਿੰਦ ਅਕਾਲੀ ਕਾਨਫ਼ਰੰਸ ਲੁਧਿਆਣਾ ਵਿਖੇ ਹੋਈ। ਇਸ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦਿੱਤਾ ਗਿਆ ਭਾਸ਼ਣ ਅਤੇ ਗੁਰਦੁਆਰਾ ਤਰਮੀਮੀ ਬਿਲ ਦੀ ਵਿਰੋਧਤਾ ਕਿਉਂ? ਵਿੱਚ ਦਿੱਤੇ ਗਏ ਭਾਸ਼ਣ ਪੜ੍ਹਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਦਵਤਾ ਅਤੇ ਦੂਰ ਅੰਦੇਸ਼ੀ ਨੂੰ ਦਾਦ ਦੇਣੀ ਬਣਦੀ ਹੈ।
ਹਰਵਿੰਦਰ ਸਿੰਘ ਖਾਲਸਾ ਨੇ ਇਹ ਪੁਸਤਕ ਸੰਪਾਦਤ ਕਰਕੇ ਸਿੱਖ ਜਗਤ ਨੂੰ ਜਾਗਰੂਕ ਕਰਨ ਦਾ ਬਿਹਤਰੀਨ ਕਾਰਜ ਕੀਤਾ ਹੈ ਤਾਂ ਜੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਿਅਤਿਤਵ ਬਾਰੇ ਹਰ ਗੁਰਸਿੱਖ ਪ੍ਰੇਰਨਾ ਲੈ ਸਕੇ। ਸੰਪਾਦਕ ਨੇ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਪ੍ਰਸਿੱਧ ਪੱਤਰਕਾਰਾਂ ਹਰਬੀਰ ਸਿੰਘ ਭੰਵਰ, ਰਜਤ ਸ਼ਰਮਾ, ਕਰਮਜੀਤ ਸਿੰਘ, ਦਰਬਾਰਾ ਸਿੰਘ ਕਾਹਲੋਂ, ਜਗਤਾਰ ਸਿੰਘ, ਦਲਜੀਤ ਸਿੰਘ ਬੇਦੀ ਨਾਲ ਮੁਲਾਕਾਤਾਂ ਦਾ ਵੇਰਵਾ ਦਿੱਤਾ ਗਿਆ ਹੈ। ਇੱਕ ਲੇਖ ਪੰਜ ਦਰਿਆ ਵਿੱਚੋਂ ਧੰਨਵਾਦ ਸਹਿਤ ਲੈ ਕੇ ਛਾਪਿਆ ਗਿਆ ਹੈ। ਦੂਜੇ ਭਾਗ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਮਹੱਤਵਪੂਰਨ ਵਿਸ਼ਿਆਂ ਤੇ ਦਿੱਤੇ ਭਾਸ਼ਣ, ਪੰਥਕ ਸੋਚ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਕਿਨਾਰਾ ਕਰਨ ਸਮੇਂ ਦਿੱਤੇ ਅਸਤੀਫ਼ੇ, ਪੰਥਕ ਕਨਵੈਨਸ਼ਨ ਮੌਕੇ ਬਾਦਲ ‘ਤੇ ਲਗਾਏ ਦੋਸ਼ ਸਬੂਤਾਂ ਸਮੇਤ, ਸ਼ਰਧਾਂਜ਼ਲੀ ਅਤੇ ਜੀਵਨ ਬਿਓਰਾ ਦਿੱਤੇ ਗਏ ਹਨ।
ਪੁਸਤਕ ਦੇ 25 ਪੰਨਿਆਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਾਰਮਿਕ ਤੇ ਸਿਆਸੀ ਜ਼ਿੰਦਗੀ ਦੇ ਬਿਹਤਰੀਨ ਮੌਕਿਆਂ ਦੀਆਂ ਸਰਗਰਮੀਆਂ ਸੰਬੰਧੀ ਰੇਅਰ ਤਸਵੀਰਾਂ ਹਨ, ਜਿਨ੍ਹਾਂ ਵਿੱਚ ਕੁਝ ਕੁ ਪਹਿਲੀ ਵਾਰ ਪ੍ਰਕਾਸ਼ਤ ਹੋਈਆਂ ਹਨ। ਇਹ ਪੁਸਤਕ ਸਿੱਖ ਪੰਥ ਦੀ ਨੌਜਵਾਨ ਪੀੜ੍ਹੀ ਲਈ ਰੌਸ਼ਨ ਮੀਨਾਰ ਸਾਬਤ ਹੋਵੇਗੀ। ਉਮੀਦ ਕਰਦਾ ਹਾਂ ਕਿ ਹਰਵਿੰਦਰ ਸਿੰਘ ਖ਼ਾਲਸਾ ਅਜਿਹੀਆਂ ਹੋਰ ਵਡਮੁੱਲੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਕੇ ਸਿੱਖ ਪੰਥ ਦੀ ਸੇਵਾ ਕਰਦਾ ਰਹੇਗਾ। 250 ਪੰਨਿਆਂ, 299 ਰੁਪਏ ਕੀਮਤ ਵਾਲੀ ਇਹ ਪੁਸਤਕ ਰੀਥਿੰਕ ਬੁਕਸ ਸੰਗਰੂਰ ਨੇ ਪ੍ਰਕਾਸ਼ਤ ਕੀਤੀ ਹੈ। ਸੰਪਰਕ ਹਰਵਿੰਦਰ ਸਿੰਘ ਖਾਲਸਾ:9815533725

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.