ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਭਵਿੱਖ ਲਈ ਵੱਡਾ ਸਿਹਤ ਸੰਕਟ; ਰੋਕਥਾਮ ਲਈ ਸਾਂਝੇ ਯਤਨ ਜ਼ਰੂਰੀ: ਸਿਹਤ ਮਾਹਿਰ
ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤੇ ਤਹਿਤ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ੇਸ਼ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਨਵੰਬਰ ,2026
ਐਂਟੀਬਾਇਓਟਿਕ ਅਤੇ ਹੋਰ ਰੋਗਾਣੂ-ਰੋਧੀ ਦਵਾਈਆਂ ਦੀ ਬੇਲੋੜੀ ਤੇ ਗ਼ਲਤ ਵਰਤੋਂ ਭਵਿੱਖ ਵਿੱਚ ਇਨਫੈਕਸ਼ਨਾਂ ਦੇ ਇਲਾਜ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ। ਇਸ ਗੰਭੀਰ ਚੁਣੌਤੀ ਨਾਲ ਨਜਿੱਠਣ ਅਤੇ ਸਿਹਤ ਕਰਮਚਾਰੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤਾ-2026 ਤਹਿਤ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ੇਸ਼ ਜਾਗਰੂਕਤਾ ਮੀਟਿੰਗ ਕਰਵਾਈ ਗਈ। ਇਹ ਹਫ਼ਤਾ 18 ਤੋਂ 24 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਅਨਿਲ ਗੋਇਲ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅਤੇ ਡਾ. ਰੋਹਿਨੀ ਗੋਇਲ, ਡਿਪਟੀ ਡਾਇਰੈਕਟਰ, ਏ.ਐੱਮ.ਆਰ. ਸਟੇਟ ਟੀਮ ਦੀਆਂ ਹਦਾਇਤਾਂ ਹੇਠ ਡਾ. ਪਰਵਿੰਦਰ ਚਾਵਲਾ ਨੇ ਹਸਪਤਾਲ ਦਾ ਦੌਰਾ ਕਰਕੇ ਸਟਾਫ਼ ਨੂੰ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਦੇ ਖ਼ਤਰਿਆਂ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਪਰਵਿੰਦਰ ਚਾਵਲਾ ਨੇ ਕਿਹਾ ਕਿ ਐਂਟੀਮਾਈਕ੍ਰੋਬੀਅਲ ਦਵਾਈਆਂ ਦੀ ਵਰਤੋਂ ਡਾਕਟਰੀ ਸਲਾਹ ਅਨੁਸਾਰ ਅਤੇ ਤਰਕਸੰਗਤ ਢੰਗ ਨਾਲ ਕਰਨੀ ਲਾਜ਼ਮੀ ਹੈ। ਇਨਫੈਕਸ਼ਨ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਅਤੇ ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਨੂੰ ਮਜ਼ਬੂਤ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਹਸਪਤਾਲ ਦੇ ਹਰ ਵਿਭਾਗ ਅਤੇ ਸਿਹਤ ਕਰਮਚਾਰੀ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ, ਨੋਡਲ ਅਫ਼ਸਰ ਏ.ਐੱਮ.ਆਰ.-ਕਮ-ਸਹਾਇਕ ਸਿਵਲ ਸਰਜਨ ਡਾ. ਬਲਜੀਤ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਕੁਮਾਰ ਬਸਰਾ ਨੇ ਭਰੋਸਾ ਦਿਵਾਇਆ ਕਿ ਮੀਟਿੰਗ ਦੌਰਾਨ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਹਸਪਤਾਲ ਵਿੱਚ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਦੀ ਰੋਕਥਾਮ ਲਈ ਯਤਨ ਲਗਾਤਾਰ ਜਾਰੀ ਰਹਿਣਗੇ।
ਮੀਟਿੰਗ ਦੇ ਅੰਤ ਵਿੱਚ ਡਾ. ਪਰਵਿੰਦਰ ਚਾਵਲਾ ਨੂੰ ਯਾਦਗਾਰੀ ਚਿੰਨ੍ਹ ਵਜੋਂ ਇਨਡੋਰ ਪੌਦਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਕਰਮਚਾਰੀਆਂ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-