ਸਿਟੀ ਸੈਂਟਰ ਦੇ ਬੈਕ ਯਾਰਡ ਵਿੱਚ ਕੂੜੇ ਦੇ ਡੰਪ ਨੂੰ ਮੁੜ ਭਿਆਨਕ ਅੱਗ
ਮੱਝ ਤੇ ਸਾਂਡ ਅੱਗ ਦੀ ਲਪੇਟ ’ਚ ਆਏ
---ਦੀਪ ਕੁਮਾਰ ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿੱਚੋਂ ਦੋਵਾਂ ਬੇਜ਼ੁਬਾਨ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ: ਅਰਵਿੰਦ ਸ਼ਰਮਾ
ਸੁਖਮਿੰਦਰ ਭੰਗੂ
ਲੁਧਿਆਣਾ, 15 ਨਵੰਬਰ 2026
ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਸਿਟੀ ਸੈਂਟਰ ਦੇ ਕੂੜੇ ਦੇ ਡੰਪ ਵਿੱਚ ਅੱਜ ਸਵੇਰੇ ਮੁੜ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਇੱਕ ਮੱਝ ਅਤੇ ਇੱਕ ਸਾਂਡ ਵੀ ਆ ਗਏ, ਜਿਸ ਕਾਰਨ ਦੋਵਾਂ ਬੇਜ਼ੁਬਾਨ ਜਾਨਵਰਾਂ ਦੀ ਜਾਨ ਖ਼ਤਰੇ ਵਿੱਚ ਪੈ ਗਈ। ਹਾਲਾਂਕਿ, ਮੌਕੇ ’ਤੇ ਦਿਖਾਈ ਗਈ ਹਿੰਮਤ ਅਤੇ ਫਾਇਰ ਵਿਭਾਗ ਦੀ ਤੁਰੰਤ ਕਾਰਵਾਈ ਸਦਕਾ ਦੋਵਾਂ ਜਾਨਵਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜ਼ਨ ਅਤੇ ਸੋਸ਼ਲ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 9 ਤੋਂ 9:30 ਵਜੇ ਦਰਮਿਆਨ ਸ਼ਹੀਦ ਭਗਤ ਸਿੰਘ ਨਗਰ ਦੇ ਐੱਫ ਬਲਾਕ ਨੇੜੇ ਪ੍ਰੇਮ ਵਿਹਾਰ ਫਲੈਟਾਂ ਦੇ ਸਾਹਮਣੇ ਸਥਿਤ ਸਿਟੀ ਸੈਂਟਰ ਦੇ ਯਾਰਡ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉੱਥੇ ਮੌਜੂਦ ਇੱਕ ਮੱਝ ਤੇ ਸਾਂਡ ਇਸ ਦੀ ਲਪੇਟ ਵਿੱਚ ਆ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਅਰਵਿੰਦ ਸ਼ਰਮਾ ਨੇ ਯੋਗੇਸ਼ ਸ਼ਰਮਾ ਅਤੇ ਦੀਪ ਕੁਮਾਰ ਦੇ ਸਹਿਯੋਗ ਨਾਲ ਫਾਇਰ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ। ਸੂਚਨਾ ਮਿਲਣ ’ਤੇ ਫਾਇਰ ਟੈਂਡਰ ਮੌਕੇ ’ਤੇ ਪਹੁੰਚਿਆ ਅਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਜੀ ਬਲਾਕ ਦੇ ਵਸਨੀਕ ਦੀਪ ਕੁਮਾਰ ਨੇ ਅਦਭੁੱਤ ਹਿੰਮਤ ਅਤੇ ਇਨਸਾਨੀਅਤ ਦਾ ਸਬੂਤ ਦਿੰਦਿਆਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਦੇ ਵਿਚਕਾਰ ਪਹੁੰਚ ਕੇ ਦੋਵਾਂ ਬੇਜ਼ੁਬਾਨ ਜਾਨਵਰਾਂ ਨੂੰ ਬਾਹਰ ਕੱਢਿਆ। ਯੋਗੇਸ਼ ਸ਼ਰਮਾ ਨੇ ਵੀ ਇਸ ਬਚਾਅ ਕਾਰਜ ਵਿੱਚ ਅਹਿਮ ਸਹਿਯੋਗ ਦਿੱਤਾ।
ਅਰਵਿੰਦ ਸ਼ਰਮਾ ਨੇ ਦੀਪ ਕੁਮਾਰ ਦੀ ਬਹਾਦਰੀ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਲ ਹਾਲਾਤ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੇਜ਼ੁਬਾਨ ਜਾਨਵਰਾਂ ਦੀ ਜਾਨ ਬਚਾਉਣਾ ਬੇਮਿਸਾਲ ਇਨਸਾਨੀਅਤ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਸਮਾਜ ਲਈ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਇਸ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਟੀ ਸੈਂਟਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਗਾਈਆਂ ਗਈਆਂ ਸ਼ੀਟਾਂ ਕਈ ਥਾਵਾਂ ਤੋਂ ਉਖੜੀਆਂ ਹੋਈਆਂ ਹਨ ਅਤੇ ਅੰਦਰ ਵੱਡੀ ਮਾਤਰਾ ਵਿੱਚ ਸੁੱਕਾ ਕੂੜਾ ਤੇ ਹੋਰ ਜਲਣਸ਼ੀਲ ਸਮੱਗਰੀ ਇਕੱਠੀ ਪਈ ਹੈ। ਇਸ ਕਾਰਨ ਅੱਗ ਲੱਗਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਵੀ ਇਸੇ ਸਥਾਨ ’ਤੇ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ। ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਦੇ ਬਾਵਜੂਦ ਜੇਕਰ ਸਬੰਧਤ ਵਿਭਾਗਾਂ ਵੱਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਤਾਂ ਇਹ ਇਲਾਕਾ ਨਿਵਾਸੀਆਂ ਅਤੇ ਬੇਜ਼ੁਬਾਨ ਜਾਨਵਰਾਂ ਲਈ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਅਰਵਿੰਦ ਸ਼ਰਮਾ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ, ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਸਿਟੀ ਸੈਂਟਰ ਦਾ ਤੁਰੰਤ ਉੱਚ ਪੱਧਰੀ ਮੌਕਾ ਮੁਆਇਨਾ ਕਰਵਾਇਆ ਜਾਵੇ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਉਖੜੀਆਂ ਸੁਰੱਖਿਆ ਸ਼ੀਟਾਂ ਦੀ ਮੁਰੰਮਤ ਕਰਵਾਈ ਜਾਵੇ, ਅੱਗ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਕੂੜੇ ਦੇ ਡੰਪ ਨੂੰ ਉੱਥੋਂ ਹਟਾਉਣ ਲਈ ਤੁਰੰਤ ਠੋਸ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
- Download Babushahi App
-
-