ਪੱਤਰਕਾਰਾਂ ਦੇ ਕੈਮਰੇ ਦੇਖਦਿਆਂ ਹੀ ਮੈਰਿਜ ਪੈਲੇਸ ’ਚੋਂ ਰਫੂਚੱਕਰ ਹੋਇਆ ਪਟਾਕਿਆਂ ਦਾ ਸਟਾਕ!
ਜਗਰਾਓਂ ਦੇ ਲੁਧਿਆਣਾ ਰੋਡ ’ਤੇ ਨਿੱਜੀ ਪੈਲੇਸ ’ਚ ਪਟਾਕੇ ਸਟੋਰ ਕਰਨ ਦਾ ਮਾਮਲਾ ਚਰਚਾ ’ਚ,
ਫੋਟੋ ਖਿੱਚਣ ਲੱਗੇ ਪੱਤਰਕਾਰ ਤਾਂ ਤੁਰੰਤ ਵਾਪਸ ਭੇਜਿਆ ਸਮਾਨ
ਐਸਐਸਪੀ ਅੰਕੁਰ ਗੁਪਤਾ ਨੇ ਕਿਹਾ- ਟੀਮ ਭੇਜ ਕੇ ਕਰਵਾਵਾਂਗੇ ਜਾਂਚ, ਪੈਲੇਸ ਵਿੱਚ ਪਟਾਕੇ ਰੱਖਣ ਦੀ ਇਜਾਜ਼ਤ ਕਿਸ ਨੇ ਦਿੱਤੀ?
ਜਗਰਾਓ , 5 ਅਕਤੂਬਰ 2026 :
– ਜਗਰਾਓਂ ਵਿੱਚ ਪਟਾਕਿਆਂ ਦੀ ਸਟੋਰੇਜ ਨੂੰ ਲੈ ਕੇ ਇੱਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੁਧਿਆਣਾ ਰੋਡ ਸਥਿਤ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਪਟਾਕਿਆਂ ਦਾ ਸਮਾਨ ਸਟੋਰ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਪੱਤਰਕਾਰ ਮੌਕੇ ’ਤੇ ਪਹੁੰਚੇ ਅਤੇ ਸਮਾਨ ਦੀਆਂ ਤਸਵੀਰਾਂ ਖਿੱਚਣ ਲੱਗੇ ਤਾਂ ਪੈਲੇਸ ਵਿੱਚੋਂ ਪਟਾਕਿਆਂ ਦਾ ਸਮਾਨ ਵਾਪਸ ਭੇਜ ਦਿੱਤਾ ਗਿਆ।
ਸਵਾਲ ਇਹ ਹੈ ਕਿ ਆਖ਼ਰ ਮੈਰਿਜ ਪੈਲੇਸ ਨੂੰ ਪਟਾਕਿਆਂ ਦਾ ਗੋਦਾਮ ਕਿਸ ਨੇ ਬਣਾ ਦਿੱਤਾ? ਕੀ ਪੈਲੇਸ ਵਿੱਚ ਪਟਾਕੇ ਸਟੋਰ ਕਰਨ ਲਈ ਲੋੜੀਂਦੀ ਮਨਜ਼ੂਰੀ ਲਈ ਗਈ ਸੀ ਜਾਂ ਫਿਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਸਟਾਕ ਰੱਖਿਆ ਗਿਆ ਸੀ?
ਮੈਰਿਜ ਪੈਲੇਸਾਂ ਦਾ ਨਿਰਮਾਣ ਵਿਆਹਾਂ ਅਤੇ ਹੋਰ ਸਮਾਗਮਾਂ ਲਈ ਕੀਤਾ ਜਾਂਦਾ ਹੈ। ਅਜਿਹੀਆਂ ਥਾਵਾਂ ’ਤੇ ਪਟਾਕਿਆਂ ਦਾ ਸਟਾਕ ਰੱਖਣਾ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਜਾਂਚ ਦਾ ਵਿਸ਼ਾ ਹੈ। ਜੇਕਰ ਕਿਸੇ ਥਾਂ ’ਤੇ ਪਟਾਕਿਆਂ ਦੀ ਸਟੋਰੇਜ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਹ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਬਣ ਜਾਂਦਾ ਹੈ।
ਮਾਮਲੇ ਨੂੰ ਲੈ ਕੇ ਜਦੋਂ ਐਸਐਸਪੀ ਡਾ. ਅੰਕੁਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਆਪਣੀ ਟੀਮ ਭੇਜ ਕੇ ਮੌਕੇ ਦੀ ਜਾਂਚ ਕਰਵਾਉਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਕੇ ਕੀ ਜਾਂਚ ਕਰਦੀ ਹੈ ਅਤੇ ਕੀ ਪੈਲੇਸ ਪ੍ਰਬੰਧਕਾਂ ਕੋਲ ਪਟਾਕੇ ਸਟੋਰ ਕਰਨ ਸਬੰਧੀ ਕੋਈ ਕਾਨੂੰਨੀ ਮਨਜ਼ੂਰੀ ਸੀ? ਪੱਤਰਕਾਰਾਂ ਦੇ ਪਹੁੰਚਣ ’ਤੇ ਸਮਾਨ ਵਾਪਸ ਭੇਜਣ ਦੀ ਵਜ੍ਹਾ ਵੀ ਜਾਂਚ ਦਾ ਵਿਸ਼ਾ ਹੈ।
ਸ਼ਹਿਰ ਵਾਸੀਆਂ ਦਾ ਸਵਾਲ: ਜਦੋਂ ਪਟਾਕਿਆਂ ਦੀ ਵਿਕਰੀ ਅਤੇ ਸਟੋਰੇਜ ਲਈ ਨਿਯਮ ਤੈਅ ਹਨ ਤਾਂ ਫਿਰ ਨਿੱਜੀ ਮੈਰਿਜ ਪੈਲੇਸ ਵਿੱਚ ਪਟਾਕਿਆਂ ਦਾ ਸਟਾਕ ਕਿਵੇਂ ਪਹੁੰਚਿਆ? ਹੁਣ ਪੁਲਿਸ ਜਾਂਚ ਤੋਂ ਹੀ ਇਸ ਮਾਮਲੇ ਦੀ ਅਸਲੀਅਤ ਸਾਹਮਣੇ ਆਵੇਗੀ।
- Download Babushahi App
-
-