ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖਤਾ ਲਈ ਚਾਨਣ ਮੁਨਾਰਾ: ਸਿਰਸਾ
‘ਸ੍ਰਿਸ਼ਟੀ ਦੀ ਚਾਦਰ’ ਸੈਮੀਨਾਰ ਵਿੱਚ ਗੂੰਜਿਆ ਧਾਰਮਿਕ ਆਜ਼ਾਦੀ, ਮਨੁੱਖੀ ਮਾਣ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼
ਨਵੀਂ ਦਿੱਲੀ 26 ਅਕਤੂਬਰ (ਮਨਮੋਹਨ ਸਿੰਘ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕੇਵਲ ਇਤਿਹਾਸ ਦੀ ਮਹਾਨ ਘਟਨਾ ਨਹੀਂ, ਸਗੋਂ ਮਨੁੱਖ ਦੀ ਆਸਥਾ, ਜ਼ਮੀਰ ਅਤੇ ਮਾਣ-ਸਨਮਾਨ ਦੀ ਰਾਖੀ ਲਈ ਸਦੀਵੀ ਪ੍ਰੇਰਨਾ ਹੈ। ਗੁਰੂ ਸਾਹਿਬ ਨੇ ਦੂਜਿਆਂ ਦੇ ਧਾਰਮਿਕ ਅਧਿਕਾਰਾਂ ਲਈ ਆਪਣਾ ਸੀਸ ਅਰਪਣ ਕਰਕੇ ਸੰਸਾਰ ਨੂੰ ਸਮਝਾਇਆ ਕਿ ਆਜ਼ਾਦੀ ਦਾ ਅਸਲ ਅਰਥ ਆਪਣੇ ਨਾਲ-ਨਾਲ ਦੂਜਿਆਂ ਦੇ ਵਿਸ਼ਵਾਸ ਦਾ ਵੀ ਸਤਿਕਾਰ ਕਰਨਾ ਹੈ। ਇਹ ਵਿਚਾਰ ਦਿੱਲੀ ਸਰਕਾਰ ਦੇ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ‘ਸ੍ਰਿਸ਼ਟੀ ਦੀ ਚਾਦਰ’ ਅਕਾਦਮਿਕ ਅਤੇ ਅੰਤਰ-ਧਰਮ ਸੈਮੀਨਾਰ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਇਹ ਸੈਮੀਨਾਰ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਆਈ.ਐੱਚ.ਏ. ਫਾਊਂਡੇਸ਼ਨ ਵੱਲੋਂ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਧਰਮਾਂ ਦੇ ਆਗੂਆਂ, ਵਿਦਵਾਨਾਂ ਅਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਦੇ ਮਨੁੱਖਤਾਵਾਦੀ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ।
ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਿਸੇ ਹੋਰ ਦੀ ਆਸਥਾ ਅਤੇ ਜ਼ਮੀਰ ਦੀ ਆਜ਼ਾਦੀ ਲਈ ਖੜ੍ਹੇ ਹੋਣਾ ਮਨੁੱਖਤਾ ਦਾ ਬੁਨਿਆਦੀ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਾਨੂੰ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨ, ਅਨਿਆਂ ਅੱਗੇ ਨਿਡਰ ਰਹਿਣ ਅਤੇ ਸੱਚ ਦੇ ਪੱਖ ਵਿੱਚ ਦ੍ਰਿੜ੍ਹਤਾ ਨਾਲ ਖੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦੀ ਸ਼ਹਾਦਤ ਦਾ ਚਾਨਣ ਧਰਮਾਂ ਅਤੇ ਭੂਗੋਲਿਕ ਹੱਦਾਂ ਤੋਂ ਪਾਰ ਸਮੁੱਚੀ ਮਨੁੱਖਤਾ ਨੂੰ ਰਾਹ ਦਿਖਾਉਂਦਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਸਿੱਖ ਇਤਿਹਾਸ ਦਾ ਗੌਰਵਮਈ ਅਧਿਆਇ ਹੋਣ ਦੇ ਨਾਲ ਸਮੁੱਚੇ ਸੰਸਾਰ ਲਈ ਆਜ਼ਾਦੀ, ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦਾ ਸਰਬਵਿਆਪੀ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਰਾਸਤ ਪ੍ਰਤੀ ਸੱਚੀ ਸ਼ਰਧਾ ਦਾ ਪ੍ਰਗਟਾਵਾ ਆਪਸੀ ਸਤਿਕਾਰ, ਕਮਜ਼ੋਰ ਦੇ ਹੱਕ ਦੀ ਰਾਖੀ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਰਾਹੀਂ ਹੋਣਾ ਚਾਹੀਦਾ ਹੈ।
ਸੈਮੀਨਾਰ ਦੌਰਾਨ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜ਼ਮੀਰ ਦੀ ਆਜ਼ਾਦੀ ਦੀ ਅਦੁੱਤੀ ਮਿਸਾਲ ਦੱਸਦਿਆਂ ਕਿਹਾ ਕਿ ਆਪਣੇ ਤੋਂ ਵੱਖਰੇ ਵਿਸ਼ਵਾਸ ਰੱਖਣ ਵਾਲਿਆਂ ਦੇ ਹੱਕਾਂ ਲਈ ਸਰਬਉੱਚ ਕੁਰਬਾਨੀ ਦੇਣਾ ਸਰਬ-ਸਾਂਝੀਵਾਲਤਾ ਦਾ ਉੱਚਤਮ ਪ੍ਰਗਟਾਵਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਧਾਰਮਿਕ ਆਜ਼ਾਦੀ ਕੇਵਲ ਆਪਣੀ ਆਸਥਾ ਅਨੁਸਾਰ ਜੀਊਣ ਦਾ ਅਧਿਕਾਰ ਨਹੀਂ, ਸਗੋਂ ਦੂਜਿਆਂ ਨੂੰ ਵੀ ਉਸੇ ਆਜ਼ਾਦੀ ਨਾਲ ਜੀਊਣ ਦੇਣ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਆਈ.ਐੱਚ.ਏ. ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਆਹਲੂਵਾਲੀਆ ਅਤੇ ਮੁੱਖ ਸਲਾਹਕਾਰ ਸਰਦਾਰ ਪਰਮਜੀਤ ਸਿੰਘ ਚੰਡੋਕ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਗਿਆਨੀ ਹਰਮਨ ਸਿੰਘ ਖ਼ਾਲਸਾ, ਡਾ. ਇਮਾਮ ਉਮਰ ਅਹਿਮਦ ਇਲਿਆਸੀ, ਆਚਾਰੀਆ ਡਾ. ਲੋਕੇਸ਼ ਮੁਨੀ, ਗੋਸਵਾਮੀ ਸੁਸ਼ੀਲ ਜੀ ਮਹਾਰਾਜ ਅਤੇ ਮੌਲਾਨਾ ਏ.ਆਰ. ਸ਼ਾਹੀਨ ਕਾਸਮੀ ਸਮੇਤ ਸਿੱਖ, ਹਿੰਦੂ, ਮੁਸਲਿਮ, ਈਸਾਈ, ਜੈਨ ਅਤੇ ਪਾਰਸੀ ਭਾਈਚਾਰਿਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਅੰਤਰ-ਧਰਮ ਸੰਵਾਦ ਅਤੇ ਆਪਸੀ ਸਤਿਕਾਰ ਦਾ ਸਾਂਝਾ ਮੰਚ ਬਣਾਇਆ।
- Download Babushahi App
-
-