ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਗਤਾਂ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਦਿਲੋਂ ਵਧਾਈ ਦਿੱਤੀ
ਹਰ ਸਿੱਖ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਧਾਰਨ ਕਰੇ
ਅੰਮ੍ਰਿਤਸਰ:- 26 ਅਕਤੂਬਰ 2026 ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਸੰਗਤਾਂ ਨੂੰ ਦਿਲੋਂ ਵਧਾਈ ਪੇਸ਼ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਜਿੱਥੇ ਮਨੁੱਖਤਾ ਨੂੰ ਕਿਰਤ ਕਮਾਈ ਦਾ ਸੰਦੇਸ਼ ਦਿੱਤਾ ਉਥੇ ਉਹ ਵੱਡੇ ਧਰਮਦਾਨੀ ਵੀ ਸਨ। ਉਨ੍ਹਾਂ ਕਿਹਾ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਵਾਈ, ਅੰਮ੍ਰਿਤਸਰ ਨਗਰੀ ਦੀ ਨੀਂਹ ਰੱਖੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੀ ਅਗਵਾਈ ਲਈ ਵਧੇਰੇ ਬਾਣੀ ਰਚੀ। ਉਨ੍ਹਾਂ ਕਿਹਾ ਗੁਰੂ ਜੀ ਨੇ ਸਿੱਖਾਂ ਲਈ ਰਹੁ ਰੀਤਿ ਗੁਰਮਰਯਾਦਾ ਕਾਇਮ ਕੀਤੀ। ਸੂਹੀ ਰਾਗ ਵਿੱਚ ਲਾਵਾਂ ਰਚੀਆਂ ਅਤੇ ਦੋ ਸ਼ਬਦ ਵਿਆਹ ਸਮੇਂ ਘੋੜੀਆਂ ਦੀ ਧਾਰਨਾ ਦੇ ਰਚੇ। ਉਨ੍ਹਾਂ ਦੇ ਪਰਉਪਕਾਰਾਂ ਤੋਂ ਸੇਧ ਤੇ ਰੋਸ਼ਨੀ ਲੈ ਕੇ ਹਰ ਮਨੁੱਖ ਨੂੰ ਜੀਵਨ ਸਫਲਾ ਕਰਨਾ ਚਾਹੀਦਾ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਸੰਗਤਾਂ ਨੂੰ ਦਿਲੋਂ ਵਧਾਈ ਦੇਂਦਿਆਂ ਕਿਹਾ ਮੈਂ ਕਾਮਨਾ ਕਰਦਾ ਹਾਂ ਕਿ ਹਰ ਸਿੱਖ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰੇ।
- Download Babushahi App
-
-