ਲਾਲੜੂ ਖੇਤਰ ਦੀਆਂ ਚਾਰ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖਰੀਦ ਤੇ ਅਦਾਇਗੀ ਲਈ ਸਰਕਾਰ ਵਚਨਬੱਧ: ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਅਕਤੂਬਰ 2026: ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਖੇਤਰ ਦੀਆਂ ਚਾਰ ਅਨਾਜ ਮੰਡੀਆਂ ਲਾਲੜੂ, ਟਿਵਾਣਾ, ਜੜੌਤ ਅਤੇ ਤਸਿੰਬਲੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਧਾਇਕ ਰੰਧਾਵਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫ਼ਸਲ ਦੀ ਖਰੀਦ, ਲਿਫਟਿੰਗ ਤੇ ਅਦਾਇਗੀ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖਰੀਦ ਅਤੇ ਅਦਾਇਗੀ ਲਈ ਵਚਨਬੱਧ ਹੈ। ਲਾਲੜੂ ਮੰਡੀ ਵਿਖੇ ਪਿੰਡ ਮਲਕਪੁਰ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਜੈਪਾਲ ਸਿੰਘ ਦੀ ਫ਼ਸਲ ਦੀ ਖਰੀਦ ਆੜ੍ਹਤੀ ਜੁੰਮਾ ਰਾਮ ਭਗਵਾਨ ਦਾਸ ਵਿਖੇ ਰਸਮੀ ਤੌਰ ’ਤੇ ਸ਼ੁਰੂ ਕੀਤੀ ਗਈ। ਟਿਵਾਣਾ ਮੰਡੀ ਵਿੱਚ ਪਿੰਡ ਲੈਹਲੀ ਦੇ ਕਿਸਾਨ ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਦੀ ਫ਼ਸਲ ਦੀ ਖਰੀਦ ਸ਼ਾਰਦਾ ਇੰਟਰਪ੍ਰਾਈਜ਼ਿਜ਼ ਵਿਖੇ ਹੋਈ। ਇਸੇ ਤਰ੍ਹਾਂ ਜੜੌਤ ਮੰਡੀ ਵਿੱਚ ਪਿੰਡ ਕੁਰਲੀ ਦੇ ਕਿਸਾਨ ਵਰਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਦੀ ਫ਼ਸਲ ਦੀ ਖਰੀਦ ਕਰਨ ਇੰਟਰਪ੍ਰਾਈਜ਼ਿਜ਼ ਵਿਖੇ ਅਤੇ ਤਸਿੰਬਲੀ ਮੰਡੀ ਵਿੱਚ ਪਿੰਡ ਸੀਂਹਪੁਰ ਦੇ ਕਿਸਾਨ ਗੁਰਧਿਆਨ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਫ਼ਸਲ ਦੀ ਖਰੀਦ ਰਘੂਨਾਥ ਦਾਸ ਸੋਹਨ ਲਾਲ ਵਿਖੇ ਸ਼ੁਰੂ ਕੀਤੀ ਗਈ। ਇਸ ਮੌਕੇ ਮਾਰਕਿਟ ਕਮੇਟੀ ਲਾਲੜੂ ਦੇ ਚੇਅਰਮੈਨ ਗੁਰਸੇਵਕ ਸਿੰਘ, ਨਗਰ ਕੌਂਸਲ ਪ੍ਰਧਾਨ ਜੋਰਾਵਰ ਸਿੰਘ, ਸੀਨੀਅਰ ਪ੍ਰਧਾਨ ਹਰੀਸ਼ ਮਦਾਨ, ਕੌਂਸਲਰ, ਵਾਰਡ ਇੰਚਾਰਜ, ਪੰਚ-ਸਰਪੰਚ, ਪਾਰਟੀ ਮੈਂਬਰ, ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆੜ੍ਹਤੀ ਹਾਜ਼ਰ ਸਨ।
- Download Babushahi App
-
-