ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਪਟਿਆਲਾ ਵਿਖੇ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 01 ਅਕਤੂਬਰ 2026:
ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਵੱਲੋਂ ਉੱਤਰ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.), ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 03 ਅਤੇ 04 ਅਕਤੂਬਰ 2026 ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਮਹਾਨ ਕੁਰਬਾਨੀ ਅਤੇ ਵਿਰਾਸਤ ਨੂੰ ਸਮਰਪਿਤ ਪ੍ਰਦਰਸ਼ਨੀ, ਵਿਦਵਾਨਾਂ ਦੀ ਸੰਗੋਸ਼ਠੀ, ਸ਼ਬਦ ਕੀਰਤਨ, ਕਥਾ-ਵਾਚਨ ਅਤੇ ਢਾਡੀ ਗਾਇਨ ਆਦਿ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪਹਿਲਾ ਸਮਾਗਮ 24 ਅਤੇ 25 ਜੂਨ, 2026 ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮੱਟਨ ਸਾਹਿਬ, ਅਨੰਤਨਾਗ, ਜੰਮੂ-ਕਸ਼ਮੀਰ ਵਿਖੇ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ ਦੂਜਾ ਸੰਸਕਰਣ 25 ਅਤੇ 26 ਜੁਲਾਈ, 2026 ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੰਡੀ, ਹਿਮਾਚਲ ਪ੍ਰਦੇਸ਼ ਅਤੇ ਤੀਜਾ ਸੰਸਕਰਣ 16 ਅਤੇ 17 ਸਤੰਬਰ, 2026 ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ, ਅੰਬਾਲਾ, ਹਰਿਆਣਾ ਵਿਖੇ ਸਮਾਗਮ ਆਯੋਜਿਤ ਕੀਤੇ ਗਏ। ਇਨ੍ਹਾਂ ਸਾਰੇ ਸਮਾਗਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਅਤੇ ਸੰਗਤਾਂ, ਵਿਦਵਾਨਾਂ, ਸਕੂਲੀ ਬਚਿਆਂ ਅਤੇ ਆਮ ਲੋਕਾਂ ਦੀ ਉਤਸ਼ਾਹਪੂਰਵਕ ਸ਼ਮੂਲੀਅਤ ਨਾਲ ਇਨ੍ਹਾਂ ਨੂੰ ਵਿਆਪਕ ਅਤੇ ਉਤਸ਼ਾਹਜਨਕ ਹੁੰਗਾਰਾ ਪ੍ਰਾਪਤ ਹੋਇਆ।
03 ਅਕਤੂਬਰ 2026 ਨੂੰ ਸਵੇਰੇ 11:15 ਵਜੇ ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਵਿਰਾਸਤ ਨੂੰ ਸਮਰਪਿਤ ਪ੍ਰਦਰਸ਼ਨੀ ਨਾਲ ਹੋਵੇਗੀ। ਇਹ ਪ੍ਰਦਰਸ਼ਨੀ 03 ਤੋਂ 09 ਅਕਤੂਬਰ 2026 ਤੱਕ ਦਰਸ਼ਕਾਂ ਲਈ ਖੁੱਲ੍ਹੀ ਰਹੇਗੀ। ਇਸ ਮੌਕੇ 'ਤੇ, ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ, ਪਟਿਆਲਾ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸੇ ਦਿਨ ਹਰਿਆਣਾ ਅਤੇ ਪੰਜਾਬ ਦੇ ਵਿਦਵਾਨਾਂ ਦੀ ਸੰਗੋਸ਼ਠੀ ਕਰਵਾਈ ਜਾਵੇਗੀ। ਸੰਗੋਸ਼ਠੀ ਵਿੱਚ ਡਾ. ਦਿਲਵਰ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ; ਡਾ. ਪਰਮਵੀਰ ਸਿੰਘ, ਪਟਿਆਲਾ; ਡਾ. ਸਤਿੰਦਰ ਸਿੰਘ, ਸ਼੍ਰੀ ਮੰਜੀ ਸਾਹਿਬ ਕੋਟਾ, ਲੁਧਿਆਣਾ; ਡਾ. ਹਰਦੇਵ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ; ਅਤੇ ਡਾ. ਗੁਰਸਿਮਰਨ ਕੌਰ, ਅੰਬਾਲਾ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਉਪਰੰਤ ਗਿਆਨੀ ਨਵਰੰਗ ਸਿੰਘ ਝੱਲੀ ਅਤੇ ਸਾਥੀ, ਮਾਲੇਰਕੋਟਲਾ ਵੱਲੋਂ ਢਾਡੀ ਗਾਇਨ ਪੇਸ਼ ਕੀਤਾ ਜਾਵੇਗਾ।
04 ਅਕਤੂਬਰ 2026 ਨੂੰ ਸਵੇਰੇ 11:00 ਵਜੇ ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਵੇਗੀ। ਇਸ ਮੌਕੇ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ, ਪਟਿਆਲਾ ਵੱਲੋਂ ਸ਼ਬਦ ਕੀਰਤਨ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਭਾਈ ਸਿਮਰਨ ਜੀਤ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵੱਲੋਂ ਸ਼ਬਦ ਕੀਰਤਨ ਕੀਤਾ ਜਾਵੇਗਾ।
ਸਮਾਗਮ ਦੀ ਸਮਾਪਤੀ ਗਿਆਨੀ ਸਰਬਜੀਤ ਸਿੰਘ ਜੀ ਆਲਮਗੀਰ ਵੱਲੋਂ ਕਥਾ-ਵਾਚਨ ਨਾਲ ਹੋਵੇਗੀ, ਜਿਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਪਦੇਸ਼ਾਂ ਅਤੇ ਮਹਾਨ ਸ਼ਹਾਦਤ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ ਜਾਣਗੇ।
ਇਹ ਦੋ ਰੋਜ਼ਾ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ, ਮਨੁੱਖਤਾ, ਧਾਰਮਿਕ ਆਜ਼ਾਦੀ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਯਾਦ ਕਰਨ ਅਤੇ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ।
- Download Babushahi App
-
-