ਸਿਵਲ ਸਰਜਨ ਵੱਲੋਂ ਬੱਚਿਆਂ ਦੀ ਜ਼ਿੰਦਗੀ ਨੂੰ ਔਜੜ ਰਾਹੇ ਪੈਣ ਤੋਂ ਬਚਾਉਣ ਲਈ ਟੀਕਾਕਰਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2026:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ, ਸਬ-ਸੈਂਟਰਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਹਰ ਹਫ਼ਤੇ ਬੁੱਧਵਾਰ ਨੂੰ ਰੂਟੀਨ ਟੀਕਾਕਰਣ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਸੈਸ਼ਨਾਂ ਦੌਰਾਨ ਗਰਭਵਤੀ ਮਹਿਲਾਵਾਂ ਅਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਅਧੀਨ ਮੁਫ਼ਤ ਟੀਕੇ ਲਗਾਏ ਜਾਂਦੇ ਹਨ।ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੀਕਾਕਰਣ ਬੱਚਿਆਂ ਨੂੰ ਟੀ.ਬੀ., ਪੋਲੀਓ, ,ਐਚ.ਪੀ.ਵੀ ਵੈਕਸੀਨ,ਡਿਫਥੀਰੀਆ, ਕਾਲੀ ਖੰਘ, ਟੈਟਨਸ, ਹੈਪੇਟਾਈਟਿਸ-ਬੀ, ਖਸਰਾ-ਰੁਬੈਲਾ, ਨਿਮੋਨੀਆ, ਰੋਟਾਵਾਇਰਸ ਦਸਤ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪੂਰਾ ਟੀਕਾਕਰਣ ਕਰਵਾਉਣਾ ਹਰ ਮਾਪੇ ਦੀ ਜ਼ਿੰਮੇਵਾਰੀ ਹੈ।
ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਸਾਰੇ ਟੀਕੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਾਰਡ ਨਾਲ ਲੈ ਕੇ ਨਿਰਧਾਰਿਤ ਬੁੱਧਵਾਰ ਨੂੰ ਨੇੜਲੇ ਟੀਕਾਕਰਣ ਕੇਂਦਰ 'ਤੇ ਜ਼ਰੂਰ ਪਹੁੰਚਣ ਅਤੇ ਕੋਈ ਵੀ ਟੀਕਾ ਨਾ ਛੱਡਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਰਹਿ ਗਿਆ ਹੈ ਤਾਂ ਅਗਲੇ ਬੁੱਧਵਾਰ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਉਹ ਟੀਕਾ ਲਗਵਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੀਕਾਕਰਣ ਤੋਂ ਬਾਅਦ ਬੱਚੇ ਨੂੰ ਕੁਝ ਸਮੇਂ ਲਈ ਕੇਂਦਰ ਵਿੱਚ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਅਤੇ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇ ਤਾਂ ਤੁਰੰਤ ਸਿਹਤ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾਵੇ।ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਬੁੱਧਵਾਰ ਨੂੰ ਹੋਣ ਵਾਲੇ ਰੁਟੀਨ ਟੀਕਾਕਰਣ ਸੈਸ਼ਨਾਂ ਦਾ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਸਮੇਂ ਸਿਰ ਸਾਰੇ ਟੀਕੇ ਜ਼ਰੂਰ ਲਗਵਾਉਣ।
- Download Babushahi App
-
-