ਮੁਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਨੇ ’ਨੀਟ’ ਪ੍ਰੀਖਿਆ ਕਰਨ ਵਾਲੇ ਤਿੰਨ ਵਿਦਿਆਰਥੀਆਂ ਦਾ ਫੀਸ ਖਰਚਾ ਚੁੱਕਣ ਦਾ ਕੀਤਾ ਐਲਾਨ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 6 ਸਤੰਬਰ, 2026: ਮੁਹਾਲੀ ਦੇ ਆਮ ਆਦਮੀ ਪਾਰਟੀ (ਆਪ) ਦੇ ਐਮ ਐਲ ਏ ਅਤੇ ਜੇ ਐਲ ਪੀ ਐਲ ਗਰੁੱਪ ਦੇ ਮਾਲਕ ਕੁਲਵੰਤ ਸਿੰਘ ਨੇ ਇਸ ਸਾਲ ’ਨੀਟ’ ਪ੍ਰੀਖਿਆ ਪਾਸ ਕਰਨ ਵਾਲੇ ਤਿੰਨ ਗਰੀਬ ਵਿਦਿਆਰਥੀਆਂ ਦੀ ਫੀਸ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹ ਇਹਨਾਂ ਵਿਦਿਆਰਥੀਆਂ ਦੀ ਮੈਡੀਕਲ ਦੀ ਪੜ੍ਹਾਈ, ਹੋਸਟਲ ਦੇ ਖਰਚ ਸਮੇਤ ਸਾਰੇ ਖਰਚੇ ਚੁੱਕਣਗੇ। ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਹਨਾਂ ਵਿਦਿਆਰਥੀਆਂ ਦੀਆਂ ਫੀਸਾਂ ਦਾ ਖਰਚਾ ਚੁੱਕਣਗੇ।
ਇਹ ਤਿੰਨੋਂ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ’ਚ ਪੜ੍ਹੇ ਹਨ ਅਤੇ ਇਨ੍ਹਾਂ ਦੇ ਅਧਿਆਪਕ ਮਨਜੀਤ ਸਿੰਘ ਨੇ ਖ਼ਰਚੇ ਦੇ ਵੇਰਵੇ ਸਾਂਝੇ ਕੀਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਦਾ ਦਾਖਲਾ ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਹੋਇਆ ਹੈ। ਉਸ ਦੀ ਹੋਸਟਲ ਅਤੇ ਹੋਰ ਫੀਸ ਦਾ ਕੁੱਲ ਖ਼ਰਚਾ ਕਰੀਬ 32 ਲੱਖ ਰੁਪਏ ਹੈ। ਦਲਿਤ ਭਾਈਚਾਰੇ ਕਾਰਨ ਉਸ ਨੂੰ 11 ਲੱਖ ਦੀ ਸਕਾਲਰਸ਼ਿਪ ਮਿਲੇਗੀ ਅਤੇ 7.5 ਲੱਖ ਰੁਪਏ ਦਾ ਕਰਜ਼ਾ ਲਿਆ ਜਾਵੇਗਾ। ਬਾਕੀ ਬਚਦਾ 13.5 ਲੱਖ ਰੁਪਏ ਦਾ ਖ਼ਰਚਾ ਵਿਧਾਇਕ ਕੁਲਵੰਤ ਸਿੰਘ ਭਰਨਗੇ। ਇਸ ਬੱਚੇ ਦੇ ਮਾਪਿਆਂ ਨੂੰ ਫ਼ੀਸ ਦੇ ਇੰਤਜ਼ਾਮ ਲਈ ਆਪਣੀ ਗਾਂ ਵੇਚਣੀ ਪਈ ਸੀ।
ਇਸੇ ਤਰ੍ਹਾਂ ਮਲੋਟ ਦੇ ਅਮਨ ਸਿੰਘ ਦਾ ਦਾਖ਼ਲਾ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਹੋਇਆ ਹੈ। ਪੱਛੜੀ ਸ਼੍ਰੇਣੀ ਦੇ ਇਸ ਵਿਦਿਆਰਥੀ ਦੀ ਫੀਸ ਅਤੇ ਹੋਸਟਲ ਦਾ ਕਰੀਬ 14 ਲੱਖ ਰੁਪਏ ਖ਼ਰਚਾ ਹੁਣ ਵਿਧਾਇਕ ਵੱਲੋਂ ਤਾਰਿਆ ਜਾਵੇਗਾ। ਅਮਨ ਦਾ ਪਿਤਾ ਲੋਹੇ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ। ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਨੂੰ ਦਲਿਤ ਵਰਗ ਕਾਰਨ ਸਕਾਲਰਸ਼ਿਪ ਮਿਲੇਗੀ ਅਤੇ ਉਸ ਦੀ 3 ਲੱਖ ਰੁਪਏ ਹੋਸਟਲ ਫੀਸ ਵਿਧਾਇਕ ਭਰਨਗੇ। ਸੁਮਨਦੀਪ ਆਪਣੀ ਦਾਖ਼ਲਾ ਫੀਸ ਪਹਿਲਾਂ ਹੀ ਭਰ ਚੁੱਕੀ ਹੈ।
ਇਸ ਦੌਰਾਨ ਇਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਐਮ ਐਲ ਏ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਸਮਾਜ ਦਾ ਸਰਮਾਇਆ ਅਤੇ ਪੰਜਾਬ ਦਾ ਭਵਿੱਖ ਹਨ। ਅਜਿਹੇ ਮਿਹਨਤੀ ਤੇ ਸਿਰੜੀ ਬੱਚਿਆਂ ਦਾ ਮੈਡੀਕਲ ਕਿੱਤੇ ਵਿੱਚ ਆਉਣਾ ਸ਼ੁਭ ਸ਼ਗਨ ਹੈ। ਭਵਿੱਖ ’ਚ ਵੀ ਕਿਸੇ ਹੀਰੇ ਦੀ ਚਮਕ ਫਿੱਕੀ ਨਹੀਂ ਪੈਣ ਦਿਆਂਗੇ।
- Download Babushahi App
-
-