ਰਾਮਪੁਰਾ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮੋਹਨਜੀਤ ਸਿੰਘ ਸ਼ੇਰੋਂ ’ਤੇ ਪੁਲਿਸ ਤਸ਼ੱਦਦ ਦੀ ਨਿਖੇਧੀ
ਸਵਾਲ ਪੁੱਛਣ ਅਤੇ ਵਿਰੋਧ ਕਰਨ ਦੇ ਹੱਕ ਨੂੰ ਡੰਡੇ ਤੇ ਤਸ਼ੱਦਦ ਨਾਲ ਕੁਚਲਣਾ ਬੰਦ ਕਰੇ ਸਰਕਾਰ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2026:ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੋਸਾਇਟੀ, ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ, ਡੈਮੋਕਰੈਟਿਕ ਟੀਚਰਜ਼ ਫਰੰਟ, ਗੌਰਮਿੰਟ ਸੀ ਐਂਡ ਵੀ ਟੀਚਰਜ਼ ਯੂਨੀਅਨ ਨੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਕੀਤੀ ਗਈ ਕਥਿਤ ਵਹਿਸ਼ੀਆਨਾ ਕੁੱਟਮਾਰ ਅਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਜਨਤਕ ਆਗੂ ਅਵਤਾਰ ਸਿੰਘ, ਜਗਦੇਵ ਸਿੰਘ, ਬੰਤ ਸਿੰਘ ਭੂੰਦੜ, ਭੋਲਾ ਸਧਾਨਾ, ਡਾਕਟਰ ਜਗਤਾਰ ਫੂਲ, ਗਗਨ ਗਰੋਵਰ, ਗੁਰਵਿੰਦਰ ਸਿੰਘ ਸਿੱਧੂ, ਗੁਰਸੇਵਕ ਫੂਲ, ਸਾਹਿਤਕਾਰ ਹਰਭਜਨ ਸਿੰਘ, ਪਰਮਿੰਦਰ ਸਿੰਘ ਬਿੱਟੂ, ਜੰਟਾ ਸਿੰਘ ਆਦਿ ਨੇ ਕਿਹਾ ਕਿ ਕਿਸੇ ਸਰਕਾਰ ਤੋਂ ਸਵਾਲ ਪੁੱਛਣਾ, ਆਪਣੀ ਅਸਹਿਮਤੀ ਪ੍ਰਗਟ ਕਰਨਾ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਹਰ ਨਾਗਰਿਕ ਦਾ ਜਮਹੂਰੀ ਹੱਕ ਹੈ।
ਉਹਨਾਂ ਕਿਹਾ ਕਿ ਇਸ ਹੱਕ ਦੀ ਵਰਤੋਂ ਕਰਨ ਵਾਲੇ ਨਾਗਰਿਕ ਨੂੰ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਬੇਹੱਦ ਗੰਭੀਰ ਮਾਮਲਾ ਹੈ। ਇਸ ਮੌਕੇ ਆਗੂਆਂ ਨੇ ਮੋਹਨਜੀਤ ਸਿੰਘ ਵੱਲੋਂ ਪੁਲਿਸ ਹਿਰਾਸਤ ਦੌਰਾਨ ਕੁੱਟਮਾਰ, ਕਰੰਟ ਲਾਉਣ ਅਤੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕਰਨ ਵਰਗੇ ਲਾਏ ਗੰਭੀਰ ਦੋਸ਼ਾਂ ਦੀ ਅਦਾਲਤੀ ਜਾਂਚ ਕਰਵਾਉਣ ਜਾਵੇ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।ਆਗੂਆਂ ਨੇ ਕਿਹਾ ਕਿ ਇਹ ਘਟਨਾ ਕੇਵਲ ਇੱਕ ਵਿਅਕਤੀ ਨਾਲ ਹੋਏ ਕਥਿਤ ਤਸ਼ੱਦਦ ਦਾ ਮਾਮਲਾ ਨਹੀਂ ਹੈ। ਇਹ ਸਵਾਲ ਪੂਰੇ ਸਮਾਜ ਦੇ ਸਾਹਮਣੇ ਹੈ ਕਿ ਕੀ ਲੋਕਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਅਤੇ ਆਪਣੀ ਗੱਲ ਕਹਿਣ ਦਾ ਹੱਕ ਹੈ ਜਾਂ ਨਹੀਂ। ਜੇਕਰ ਹੱਕ ਹੈ ਤਾਂ ਉਸ ਹੱਕ ਦੀ ਰਾਖੀ ਵੀ ਲੋਕਾਂ ਨੂੰ ਆਪਣੀ ਜਥੇਬੰਦਕ ਤਾਕਤ ਨਾਲ ਕਰਨੀ ਪਵੇਗੀ।
ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਇਸ ਘਟਨਾ ਨੂੰ ਇੱਕ ਅਲੱਗ-ਥਲੱਗ ਘਟਨਾ ਸਮਝਣ ਦੀ ਬਜਾਏ ਸਰਕਾਰ ਦੇ ਅਸਲ ਕਿਰਦਾਰ ਨੂੰ ਸਮਝਣ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ। ਜਦੋਂ ਲੋਕਾਂ ਦੇ ਸਵਾਲਾਂ ਅਤੇ ਵਿਰੋਧ ਦਾ ਜਵਾਬ ਸੰਵਾਦ ਦੀ ਥਾਂ ਪੁਲਿਸੀ ਤਾਕਤ ਅਤੇ ਤਸ਼ੱਦਦ ਨਾਲ ਦਿੱਤਾ ਜਾਂਦਾ ਹੈ ਤਾਂ ਇਹ ਸਰਕਾਰ ਦੀ ਲੋਕ-ਪੱਖੀ ਹੋਣ ਦੀਆਂ ਗੱਲਾਂ ਦੇ ਉਲਟ ਉਸਦੇ ਅਸਲ ਰਵੱਈਏ ਨੂੰ ਸਾਹਮਣੇ ਲਿਆਉਂਦਾ ਹੈ।ਜਥੇਬੰਦੀਆਂ ਪੰਜਾਬ ਲੋਕਾਂ ਨੂੰ ਸੱਦਾ ਦਿੰਦੀਆਂ ਹਨ ਕਿ ਪੁਲਿਸੀ ਤਸ਼ੱਦਦ ਅਤੇ ਜਮਹੂਰੀ ਹੱਕਾਂ ਦੇ ਘਾਣ ਵਿਰੁੱਧ ਇਕਜੁੱਟ ਹੋਣ ਅਤੇ ਆਪਣੀ ਜਥੇਬੰਦਕ ਤਾਕਤ ਉਸਾਰਨ। ਤਸ਼ੱਦਦ ਨੂੰ ਸਿਰਫ਼ ਨਿੱਜੀ ਤੌਰ ’ਤੇ ਭੁਗਤਣ ਜਾਂ ਹਰ ਘਟਨਾ ਤੋਂ ਬਾਅਦ ਨਿਖੇਧੀ ਕਰਨ ਨਾਲ ਨਹੀਂ ਰੋਕਿਆ ਜਾ ਸਕਦਾ। ਇਸ ਵਿਰੁੱਧ ਲੋਕਾਂ ਦੀ ਸਾਂਝੀ ਅਤੇ ਜਥੇਬੰਦ ਆਵਾਜ਼ ਹੀ ਸਰਕਾਰ ਅਤੇ ਪੁਲਿਸ ਨੂੰ ਜਵਾਬਦੇਹ ਬਣਾਉਣ ਦਾ ਪ੍ਰਭਾਵਸ਼ਾਲੀ ਰਾਹ ਹੈ। ਆਗੂਆਂ ਨੇ ਕਿਹਾ ਕਿ ਜਮਹੂਰੀ ਹੱਕਾਂ ਦੀ ਰਾਖੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੇ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
- Download Babushahi App
-
-