ਰੈਲੀ ਦੌਰਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਖੁਸ਼ੀ ਜ਼ਾਹਰ ਕਰਦੇ ਹੋਏ
ਦੀਦਾਰ ਗੁਰਨਾ
ਮਾਨਸਾ 3 ਅਗਸਤ 2026 : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਚੋਣੀ ਮੁਹਿੰਮ ਨੂੰ ਬੂਥ ਪੱਧਰ ਤੱਕ ਲੈ ਜਾਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ , ਇਸੇ ਤਹਿਤ ਮਾਨਸਾ ਦੇ ਪਾਮ ਪੈਲੇਸ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਗਏ ‘ਹਰ ਬੂਥ ਮਜ਼ਬੂਤ ਕਾਂਗਰਸ’ ਪ੍ਰੋਗਰਾਮ ਵਿੱਚ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ , ਸਮਾਗਮ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਤਿੱਖੇ ਸਿਆਸੀ ਹਮਲੇ ਕੀਤੇ
ਕਾਂਗਰਸ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਵਾਪਸੀ ਹੁਣ ਸਿਰਫ਼ ਸਮੇਂ ਦੀ ਗੱਲ ਹੈ ਅਤੇ ਇਸ ਦੀ ਗੂੰਜ ਦਿੱਲੀ ਦੀ ਸਿਆਸਤ ਤੱਕ ਸੁਣਾਈ ਦੇਵੇਗੀ। ਭੁਪੇਸ਼ ਬਘੇਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੀ ਅਗਵਾਈ ਕਰਨ ਵਾਲੀ ਧਰਤੀ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ, ਪੰਜਾਬ ਨੇ ਹਰ ਵਾਰ ਅਨਿਆਏ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਕੇ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਕ ਵਾਰ ਫਿਰ ਬਦਲਾਅ ਦਾ ਇਤਿਹਾਸ ਲਿਖਣ ਲਈ ਤਿਆਰ ਹਨ ਅਤੇ 2027 ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਹੀ ਦਿੱਲੀ ਵਿੱਚ ਵੀ ਕਾਂਗਰਸ ਦੀ ਵਾਪਸੀ ਦਾ ਰਾਹ ਖੋਲ੍ਹੇਗੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਦਿੱਤਾ ਗਿਆ ਹੈ, ਜਦਕਿ ਕੇਂਦਰ ਸਰਕਾਰ ਕੁਝ ਗਿਣੇ-ਚੁਣੇ ਉਦਯੋਗਿਕ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਬਘੇਲ ਨੇ ਕਿਹਾ ਕਿ ਦੇਸ਼ ਵਿੱਚ ਆਪਣੇ ਹੱਕਾਂ ਲਈ ਅਵਾਜ਼ ਚੁੱਕਣ ਵਾਲੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਸਾਨਾਂ ’ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਵੋਟ ਰਾਹੀਂ ਦੇਣਗੇ। ਉਨ੍ਹਾਂ ਨੇ ਅਯੋਧਿਆ ਮੰਦਰ ਵਿੱਚ ਕਥਿਤ ਚੋਰੀ ਦੀ ਘਟਨਾ, ਵਿਦਿਆਰਥੀਆਂ ’ਤੇ ਹੋ ਰਹੇ ਤਸ਼ੱਦਦ ਅਤੇ ਬਲਾਤਕਾਰ ਦੇ ਦੋਸ਼ੀਆਂ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਵੇਂ ਹੀ ਸੰਬੋਧਨ ਕਰਨ ਲਈ ਖੜ੍ਹੇ ਹੋਏ ਤਾਂ ਹਾਲ ਵਿੱਚ ਕੁਝ ਸਮੇਂ ਲਈ ਨਾਅਰੇਬਾਜ਼ੀ ਹੋਈ
ਇਸ ਮੌਕੇ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਦਾ ਪੈਸਾ ਹੋਰਨਾਂ ਸੂਬਿਆਂ ਵਿੱਚ ਖਰਚ ਕਰਕੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਆਪਣੇ ਕਾਰਜਕਾਲ ਦੌਰਾਨ ਕੋਈ ਵੱਡਾ ਸਰਕਾਰੀ ਹਸਪਤਾਲ, ਸਕੂਲ ਜਾਂ ਮੈਡੀਕਲ ਕਾਲਜ ਸਥਾਪਤ ਨਹੀਂ ਕਰ ਸਕੀ। ਇਸ ਦੀ ਬਜਾਏ ਸੂਬੇ ਦੇ ਸਿਰ ਕਰਜ਼ੇ ਦਾ ਹੋਰ ਬੋਝ ਪਾ ਦਿੱਤਾ ਗਿਆ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਲੋੜ ਅਨੁਸਾਰ ਕਰਜ਼ਾ ਲਿਆ ਅਤੇ ਉਸ ਦੀ ਅਦਾਇਗੀ ਵੀ ਕੀਤੀ, ਪਰ ਮੌਜੂਦਾ ਸਰਕਾਰ ਨੇ ਕਰਜ਼ਾ ਲੈਣ ਨੂੰ ਹੀ ਨੀਤੀ ਬਣਾ ਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੂੰ ਚੋਣੀ ਲਾਭ ਦੇਣ ਲਈ ਕਰਜ਼ਾ ਲੈ ਕੇ ਪੰਜਾਬ ਦੀ ਆਰਥਿਕ ਹਾਲਤ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਖੇਡਾਂ ਅਤੇ ਵਿਕਾਸ ਵਰਗੇ ਬੁਨਿਆਦੀ ਖੇਤਰ ਸਰਕਾਰ ਦੀਆਂ ਤਰਜੀਹਾਂ ਵਿੱਚ ਨਹੀਂ ਰਹੇ। ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮਾਨਸਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਹਨ, ਪਰ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਸਿਰਫ਼ ਐਲਾਨਾਂ ਤੱਕ ਹੀ ਸੀਮਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਕਾਂਗਰਸੀ ਵਰਕਰ ਨੂੰ ਬੂਥ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਮੁੜ ਵਿਕਾਸ ਦੀ ਰਾਹ ’ਤੇ ਲਿਆਂਦਾ ਜਾਵੇਗਾ ਅਤੇ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਦੀ ਹਾਜ਼ਰੀ ਨੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸਿਆਸੀ ਸਰਗਰਮੀ ਨੂੰ ਨਵਾਂ ਸੰਦੇਸ਼ ਦਿੱਤਾ
ਇਸ ਮੌਕੇ ਹਿਨਾ ਕਾਵੜੇ ਸੈਕਟਰੀ ਇੰਚਾਰਜ ਏਆਈਸੀਸੀ ਬ੍ਰਹਮ ਮਹਿੰਦਰਾ, ਡਾ. ਰਾਜ ਕੁਮਾਰ ਵੇਰਕਾ, ਬਿਕਰਮ ਮੋਫਰ, ਗੁਰਪ੍ਰੀਤ ਸਿੰਘ ਵਿੱਕੀ , ਨਵੀਨ ਕਾਲਾ ਹਰਵਿੰਦਰ ਸਵੀਟੀ ਕੁਲਦੀਪ ਸਿੰਘ ਵਿਨੋਦ ਸਿੰਗਲਾ ਸੁਖਦਰਸ਼ਨ ਸਿੰਘ ਬਲਕਰਨ ਸਿੰਘ ਬਾਲੀ ਸੁਰੇਸ਼ ਨੰਦਗੜੀਆ ,ਲਾਲੂ ਭਾਰਦਵਾਜ ਦੁਰਲੱਭ ਸਿੱਧੂ ਵਿਪਨ ਸ਼ਰਮਾ ਓਐਸਡੀ ਅਰਸ਼ਦੀਪ ਗਗੋਵਾਲ , ਰਣਵੀਰ ਕੌਰ ਮੀਆਂ, ਮਨਦੀਪ ਗੋਰਾ ,ਬਲਵਿੰਦਰ ਨਾਰੰਗ , ਚਮਕੌਰ ਸਿੰਘ ਮੂਸਾ, ਨਰੋਤਮ ਚਾਹਿਲ , ਮਨਜੀਤ ਸਿੰਘ ਰਾਣਾ, ਚੰਦਰ ਸ਼ੇਖਰ ਨੰਦੀ, ਸਵਰਨ ਸਿੰਘ ਪਿ੍ਰਤਪਾਲ ਸਿੰਘ ਡਾਲੀ , ਮੱਖਣ ਸ਼ਰਮਾ ਸੁਰੇਸ਼ ਨੰਦਗੜ੍ਹੀਆ ਸੱਤਪਾਲ ਮੂਲੇਵਾਲਾ, ਜਸਵੀਰ ਚੱਕ ਅਲੀਸ਼ੇਰ, ਲਵਲੀ ਬੋੜਾਵਾਲੀਆ, ਸੁਦਰਸ਼ਨ ਸਿੰਘ ਖਾਰਾ ,ਨਰੋਤਮ ਸਿੰਘ ਚਹਿਲ , ਜਤਿੰਦਰ ਕੁਮਾਰ ਆਗਰਾ , ਸਿਮਰਨਜੀਤ ਸਿੰਘ ਮਾਨਸ਼ਾਹੀਆ , ਲਾਜਪਤ ਰਾਏ ਸ਼ਰਮਾ , ਰਵੀ ਰੁਪਾਲ ,ਪ੍ਰਿਤਪਾਲ ਮੌਂਟੀ ਸ਼ਰਮਾ, ਹਰਵਿੰਦਰ ਕੌਰ ਸਿੱਧੂ ਆਦਿ ਹਾਜਰ ਸਨ
- Download Babushahi App
-
-