ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਭਾਰਤ ਸਰਕਾਰ ਤੁਰੰਤ ਖੋਲ੍ਹੇ : ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 20 ਜੁਲਾਈ 2026 ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਸੰਗਤਾਂ ਦੀ ਮੰਗ ਬਾਰੇ ਬੋਲਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਇਸ ਧਾਰਮਿਕ ਭਾਵਨਾ ਨੂੰ ਸਰਕਾਰਾਂ ਸੰਵੇਦਨਸ਼ੀਲਤਾ ਨਾਲ ਲੈਣ। ਉਨ੍ਹਾਂ ਕਿਹਾ ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੀਕ ਸੰਗਤਾਂ ਇਸ ਲਾਂਘੇ ਲਈ ਅਰਦਾਸਾਂ ਕਰਦੀਆਂ ਆ ਰਹੀਆਂ ਹਨ, ਕੇਂਦਰ ਸਰਕਾਰ ਵੱਲੋਂ ਆਪਰੇਸ਼ਨ ਸੰਧੂਰ ਸਮੇਂ ਗੁ: ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਗਿਆ ਸੀ। ਹੁਣ ਭਾਰਤ ਸਰਕਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਿਨਾਂ ਦੇਰੀ ਕੀਤਿਆਂ ਤੁਰੰਤ ਖੋਲ੍ਹ ਦੇਣਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਦੀਆਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਦੀ ਆਸਥਾ ਦਾ ਕੇਂਦਰ ਹੈ।ਉਨ੍ਹਾਂ ਕਿਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸੰਗਤਾਂ ਦੀ ਮੰਗ ਨੂੰ ਪਾਕਿਸਤਾਨ ਤੇ ਹਿੰਦੋਸਤਾਨ ਦੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਇਹ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਨੂੰ ਇਸ ਸਥਾਨ ਤੋਂ ਮੇਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਦੀ ਸੇਧ ਮਿਲਦੀ ਹੈ।ਉਨ੍ਹਾਂ ਕਿਹਾ ਕਿ ਅੱਜ ਤੀਕ ਕੇਂਦਰ ਸਰਕਾਰ ਨੇ ਪੰਜਾਬ ਦੇ ਜਾਇਆ ਨੂੰ ਕਦੀ ਸਰਲ ਤਰੀਕੇ ਨਾਲ ਕੁਝ ਨਹੀਂ ਦਿੱਤਾ।ਹਮੇਸ਼ਾਂ ਪੰਜਾਬੀਆਂ ਨੂੰ ਹੱਕੀ ਮੰਗਾਂ ਵੀ ਆਪਣਾ ਖੂਨ ਡੋਲ ਕੇ ਪ੍ਰਵਾਨ ਕਰਵਾਉਂਦੀ ਪੈਦੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਗੁ: ਕਰਤਾਰਪੁਰ ਸਾਹਿਬ ਦਾ ਵੀ ਲਾਂਘ ਖੁਲਵਾਉਣ ਦੇ ਯਤਨ ਕਰਨੇ ਚਾਹੀਦੇ ਹਨ। ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੁਰੂ ਹੋਣ ਵਾਲੇ ਕੌਮੀ ਰਾਜ ਮਾਰਗ 703 ਏ.ਏ. ਦਾ ਨਾਮ ਬਦਲ ਕੇ ਸ੍ਰੀ ਗੁਰੂ ਨਾਨਕ ਮਾਰਗ ਹੋਵੇਗਾ।ਪਰ ਅੱਜ ਤੀਕ ਇਸ ਮਾਰਗ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਕੋਈ ਨਿਸ਼ਾਨ, ਹਵਾਲਾ, ਮੀਲ ਪੱਥਰ ਕੋਈ ਬੋਰਡ ਆਦਿ ਨਹੀਂ ਮਿਲਦਾ।ਇਸ ਮਾਰਗ ਤੇ ਛੇਤੀਂ ਤੋ ਛੇਤੀ ਬੋਰਡ ਆਦਿ ਲਾਏ ਜਾਣ। ਬਾਬਾ ਬਲਬੀਰ ਸਿੰਘ ਅਕਾਲੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰੀ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹ ਦੇਵੇ।
- Download Babushahi App
-
-