ਆਪ ਸਰਕਾਰ ਬੇਅਦਬੀ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਰਾਜਨੀਤੀ ਕਰ ਰਹੀ ਹੈ: ਅਕਾਲੀ ਦਲ
ਬਹਿਬਲ ਕਲਾਂ ਕੇਸ ਵਿਚ ਨਵੀਂ ਐਸ ਆਈ ਟੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਅਤੇ ਮੁੱਖ ਮੰਤਰੀ ਦੇ ਗੁਰੂ ਸਾਹਿਬਾਨ ਖਿਲਾਫ ਬੇਅਦਬੀ ਦੇ ਘਿਨੋਣੇ ਅਪਰਾਧ ਤੋਂ ਲੋਕਾਂ ਦਾ ਧਿਆਨ ਵਾਸਤੇ ਕਰਨ ਵਾਸਤੇ ਮਿੱਥੇ ਕੇ ਪ੍ਰਚਾਰ ਮੁਹਿੰਮ ਚਲਾ ਰਹੀ ਹੈ: ਪਰਮਬੰਸ ਸਿੰਘ ਰੋਮਾਣਾ
ਚੰਡੀਗੜ੍ਹ, 4 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਬਹਿਬਲ ਕਲਾਂ ਗੋਲੀਬਾਰੀ ਕੇਸ ਵਿਚ ਨਵੀਂ ਐਸ ਆਈ ਟੀ ਗਠਿਤ ਕਰ ਕੇ ਬੇਅਦਬੀ ਮਾਮਲੇ ’ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਕੇਸ ਵਿਚ ਪਹਿਲਾਂ ਹੀ ਚਾਰ ਚਾਰਜਸ਼ੀਟਾਂ ਦਾਇਰ ਹੋ ਚੁੱਕੀਆਂ ਹਨ ਅਤੇ ਪਾਰਟੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਦੱਸੇ ਕਿ ਬੁਰਜ ਜਵਾਹਰ ਸਿੰਘ ਤੇ ਬਰਗਾੜੀ ਬੇਅਦਬੀ ਕੇਸਾਂ ਵਿਚ ਐਸ ਆਈ ਟੀ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਠਹਿਰਾਉਣ ਦੇ ਬਾਵਜੂਦ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਪ ਸਰਕਾਰ ਨੇ ਡੀ ਆਈ ਜੀ ਹਰਜੀਤ ਸਿੰਘ ਦੀ ਅਗਵਾਈ ਵਾਲੀ ਐਸ ਆਈ ਟੀ ਵੱਲੋਂ ਬੁਰਜ ਜਵਾਹਰ ਸਿੰਘ ਤੇ ਬਰਗਾੜੀ ਦੇ ਕੀਤੇ ਦੌਰਿਆਂ ਦੀ ਵਿਆਪਕ ਸੋਸ਼ਲ ਮੀਡੀਆ ਕਵਰੇਜ ਕਰਵਾ ਕੇ ਮਿੱਥੇ ਕੇ ਪ੍ਰਚਾਰ ਮੁਹਿੰਮ ਚਲਾਈ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਇਹ ਸੱਚਾਈ ਹੈ ਕਿ ਇਹ ਐਸ ਆਈ ਟੀ ਬਹਿਬਲ ਕਲਾਂ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਇਸਦਾ ਬੁਰਜ ਜਵਾਹਰ ਸਿੰਘ ਤੇ ਬਰਗਾੜੀ ਬੇਅਦਬੀ ਮਾਮਲਿਆਂ ਨਾਲ ਕੋਈ ਲੈਣ ਦੇਣ ਨਹੀਂ ਹੈ।
ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਆਪ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਕਿਉਂਕਿ ਕੇਸ ਵਿਚ ਚਾਰ ਚਾਰਜਸ਼ੀਟਾਂ ਦਾਇਰ ਹੋਣ ਤੋਂ ਬਾਅਦ ਹੁਣ ਜਾਂਚ ਦਾ ਕੋਈ ਮਾਮਲਾ ਹੀ ਨਹੀਂ ਰਹਿ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਘਟੀਆ ਸਟੰਟ ਕਰਨ ਦੀ ਥਾਂ ਆਪ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸਨੇ ਪਿਛਲੇ 9 ਸਾਲਾਂ ਵਿਚ ਵਾਪਰੀਆਂ ਬੇਅਦਬੀ ਦੀਆਂ 597 ਘਟਨਾਵਾਂ ਦੇ ਮਾਮਲੇ ਨੂੰ ਹੱਲ ਕਰਨ ਵਾਸਤੇ ਕੀ ਕੀਤਾ ਹੈ ?
ਉਹਨਾਂ ਕਿਹਾ ਕਿ ਕੇਸਾਂ ਵਿਚ ਨਾਮਜ਼ਦ ਕੀਤੇ ਗਏ 247 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾਕਿ 102 ਕੇਸਾਂ ਨੂੰ ਲਾਪਤਾ ਮਾਮਲੇ ਕਰਾਰ ਦਿੱਤਾ ਗਿਆ ਹੈ ਤੇ 82 ਕੇਸਾਂ ਨੂੰ ਰੱਦ ਕੀਤਾ ਗਿਆ ਹੈ। ਉਹਨਾਂਕਿਹਾ ਕਿ ਸਰਕਾਰ ਇਹ ਵੀ ਦੱਸੇ ਕਿ ਇਸਨੇ ਸੁਲਤਾਨਪੁਰ ਲੋਧੀ ਵਿਚ ਪੁਲਿਸ ਫੋਰਸ ਵੱਲੋਂ ਕੀਤੀ ਬੇਅਦਬੀ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ ਹੈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਪ ਬੇਅਦਬੀ ਦੇ ਮਾਮਲੇ ’ਤੇ ਹਮੇਸ਼ਾ ਰਾਜਨੀਤੀ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਹਰ ਵਾਰ ਚੋਣਾਂ ਵਿਚ ਬੇਅਦਬੀ ਮਾਮਲਾ ਮੁੱਖ ਤੌਰ ’ਤੇ ਉਭਾਰਨ ਦਾ ਯਤਨ ਹੁੰਦਾ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਇਸ ਮਸਲੇ ਦਾ ਰਾਜਨੀਤੀਕਰਨ ਕਰਨ ’ਤੇ ਤੁਲੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਢੇ ਤਿੰਨ ਸਾਲ ਪਹਿਲਾਂ ਬੇਅਦਬੀ ਕੇਸਾਂ ਬਾਰੇ 467 ਸਫਿਆਂ ਦੀ ਰਿਪੋਰਟ ਜਾਰੀ ਕੀਤੀ ਸੀ।
ਉਹਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕੇਸ ਵਿਚ ਮੁੱਖ ਮੁਲਜ਼ਮ ਹੈ ਪਰ ਆਪ ਸਰਕਾਰ ਨੇ ਸਾਢੇ ਤਿੰਨ ਸਾਲਾਂ ਤੱਕ ਉਸਦੇ ਖਿਲਾਫ ਕੇਸ ਚਲਾਉਣ ਦੀ ਆਗਿਆ ਨਹੀਂ ਦਿੱਤੀ।
ਉਹਨਾਂ ਕਿਹਾ ਕਿ ਸਰਕਾਰ ਨੇ ਬੇਅਦਬੀ ਦੇ ਹੋਰ ਮੁਲਜ਼ਮਾਂ ਜਿਹਨਾਂ ਵਿਚ ਪ੍ਰਦੀਪ ਕਲੇਰ ਤੇ ਹਨੀਪ੍ਰੀਤ ਵੀ ਸ਼ਾਮਲ ਹੈ, ਤੋਂ ਹੁਣ ਤੱਕ ਕੋਈ ਪੁੱਛ ਗਿੱਛ ਨਹੀਂ ਹੋਈ ਤੇ ਨਾ ਉਹਨਾਂ ਖਿਲਾਫ ਕੋਈ ਕਾਰਵਾਈ ਹੋਈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿਆਪ ਸਰਕਾਰ ਨੇ ਸਿਰਸਾ ਡੇਰਾ ਮੁਖੀ ਨਾਲ ਸਮਝੌਤਾ ਕੀਤਾ ਹੈ।
ਸਰਦਾਰ ਰੋਮਾਣਾ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਦੇ ਗੁਰੂ ਸਾਹਿਬਾਨ ਦੀ ਬੇਅਦਬੀ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਹੁਣ ਹੋਰ ਵੀ ਸਪਸ਼ਟ ਹੋ ਗਿਆ ਹੈ ਕਿ ਵੀਡੀਓ ਅਸਲੀ ਹੈ ਤੇ ਸਰਕਾਰ ਇਸ ’ਤੇ ਪਰਦਾ ਪਾਉਣ ਲਈ ਪੱਬਾਂ ਭਾਰ ਹੈ।
- Download Babushahi App
-
-