ਨਗਰ ਨਿਗਮ ਅੰਮ੍ਰਿਤਸਰ ਵੱਲੋਂ ਵਪਾਰਕ ਅਦਾਰਿਆਂ ਖ਼ਿਲਾਫ਼ ਕੂੜਾ ਸੁੱਟਣ ’ਤੇ ਵੱਡੀ ਕਾਰਵਾਈ; ਭਾਰੀ ਜੁਰਮਾਨੇ ਕੀਤੇ ਗਏ
ਅੰਮ੍ਰਿਤਸਰ, 28 ਜੂਨ:
ਸ਼ਹਿਰ ਵਿੱਚ ਸਫ਼ਾਈ ਯਕੀਨੀ ਬਣਾਉਣ ਅਤੇ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ (ਐਮਸੀਏ) ਨੇ ਮਾਲ ਰੋਡ ਅਤੇ ਲਾਰੈਂਸ ਰੋਡ ’ਤੇ ਸਰਕਾਰੀ ਥਾਵਾਂ ’ਤੇ ਕੂੜਾ ਸੁੱਟਣ ਵਾਲੇ ਵਪਾਰਕ ਅਦਾਰਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ।
ਇਸ ਵਿਸ਼ੇਸ਼ ਮੁਹਿੰਮ ਦੀ ਅਗਵਾਈ ਖੁਦ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕੀਤੀ। ਬੀਤੀ ਰਾਤ ਸ਼ਹਿਰ ਦੀ ਪ੍ਰਤਿਸ਼ਠਿਤ ਮਾਲ ਰੋਡ ’ਤੇ ਇੱਕ ਵੱਡੇ ਵਪਾਰਕ ਅਦਾਰੇ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦੀ ਘਟਨਾ ਨੂੰ ਕਮਿਸ਼ਨਰ ਨੇ ਗੰਭੀਰਤਾ ਨਾਲ ਲੈਂਦਿਆਂ ਸਫ਼ਾਈ ਸ਼ਾਖਾ ਨੂੰ ਤੁਰੰਤ ਕੂੜਾ ਚੁੱਕਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਐਤਵਾਰ ਸਵੇਰੇ ਕਮਿਸ਼ਨਰ ਸ਼ੇਰਗਿੱਲ ਨੇ ਖੁਦ ਮੌਕੇ ’ਤੇ ਪਹੁੰਚ ਕੇ ਕਾਰਵਾਈ ਦੀ ਨਿਗਰਾਨੀ ਕੀਤੀ। ਇਸ ਮੁਹਿੰਮ ਵਿੱਚ ਮੈਡੀਕਲ ਅਫ਼ਸਰ ਹੈਲਥ (ਐਮਓਐਚ) ਡਾ. ਯੋਗੇਸ਼ ਅਰੋੜਾ, ਮੁੱਖ ਸੈਨੇਟੇਸ਼ਨ ਅਫ਼ਸਰ ਮਲਕੀਅਤ ਸਿੰਘ, ਸਕੱਤਰ-ਕਮ-ਇਸਟੇਟ ਅਫ਼ਸਰ ਸੁਸ਼ਾਂਤ ਭਾਟੀਆ, ਚੀਫ਼ ਸੈਨੇਟਰੀ ਇੰਸਪੈਕਟਰ ਹਰਿੰਦਰਪਾਲ ਸਿੰਘ, ਸੈਨੇਟਰੀ ਇੰਸਪੈਕਟਰ ਅਮਨਦੀਪ ਸਿੰਘ, ਸੰਜੀਵ ਅਰੋੜਾ ਅਤੇ ਸਫ਼ਾਈ ਸ਼ਾਖਾ ਦੇ ਹੋਰ ਅਧਿਕਾਰੀ ਸ਼ਾਮਲ ਸਨ।
ਮੁਹਿੰਮ ਦੌਰਾਨ ਕਈ ਵਪਾਰਕ ਅਦਾਰੇ ਨਗਰ ਨਿਗਮ ਦੇ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ, ਜਿਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੱਟ ਕੇ ਜੁਰਮਾਨੇ ਕੀਤੇ ਗਏ। ਸਤਿਆਮ ਐਂਟਰਪ੍ਰਾਈਜ਼ਜ਼ ਨੂੰ ₹10,000, ਐਮ/ਐਸ ਕੇਅਰਟ ਲਾਈਨ ਸ਼ੋਰੂਮ ਨੂੰ ₹5,000, ਗੁਰਮੁਖ ਸਿੰਘ ਪੇਂਟ ਸਟੋਰ ਨੂੰ ₹10,000, ਲਾਰੈਂਸ ਰੋਡ ਸਥਿਤ ਸ਼ਰਾਬ ਦੇ ਠੇਕੇ ਨੂੰ ₹2,000 ਦਾ ਜੁਰਮਾਨਾ ਕੀਤਾ ਗਿਆ, ਜਦਕਿ ਦਸੌਂਧਾ ਸਿੰਘ ਰੋਡ ਸਥਿਤ ਸ਼ਰਮਾ ਸਵੀਟਸ ਦਾ ਵੀ ਚਲਾਨ ਕੀਤਾ ਗਿਆ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਹਰ ਰੋਜ਼ ਤਿੰਨ ਵਾਰ ਸਫ਼ਾਈ ਕੀਤੀ ਜਾਂਦੀ ਹੈ, ਫਿਰ ਵੀ ਕੁਝ ਵਪਾਰਕ ਅਦਾਰੇ ਨਿਰਧਾਰਤ ਪ੍ਰਣਾਲੀ ਅਨੁਸਾਰ ਕੂੜਾ ਦੇਣ ਦੀ ਬਜਾਏ ਸਰਕਾਰੀ ਥਾਵਾਂ ’ਤੇ ਸੁੱਟ ਰਹੇ ਹਨ।
ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਨਿਯਮ ਤੋੜਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਤਹਿਤ ਜੁਰਮਾਨਿਆਂ ਦੇ ਨਾਲ-ਨਾਲ ਲੋੜ ਪੈਣ ’ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਕਮਿਸ਼ਨਰ ਨੇ ਸਮੂਹ ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਰੱਖਣ, ਕੂੜੇ ਦਾ ਸਹੀ ਨਿਪਟਾਰਾ ਕਰਨ ਅਤੇ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਅਤੇ ਕੂੜਾ-ਮੁਕਤ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਨਾਗਰਿਕ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
- Download Babushahi App
-
-