ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਰ ਕਾਰਵਾਈ ਸਰਬ ਪ੍ਰਵਾਨਤ ਹੁੰਦੀ ਹੈ, ਮੀਡੀਆ ਕਵਰੇਜ ਲਈ ਚਿੱਠੀਆਂ ਲਿਖਣ ਦੀ ਲੋੜ ਨਹੀ- ਜਸਬੀਰ ਸਿੰਘ ਘੁੰਮਣ।
ਜੇ ਸੁਖਬੀਰ ਸਿੰਘ ਬਾਦਲ ਨੇ ਆਦੇਸ਼ਾਂ ਨੂੰ ਮੰਨਿਆ ਹੁੰਦਾ ਤਾਂ ਅੱਜ ਬਾਗੀ ਹੋਣ ਦੀ ਕਿਸੇ ਦੀ ਜੁਰਅਤ ਨਹੀਂ ਸੀ ਪੈਂਣੀ।
ਚੰਡੀਗੜ੍ਹ-: 25 ਜੂਨ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਨਰਲ ਸਕੱਤਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜਦੀਕੀ ਸਾਥੀ ਰਹੇ ਸਾਬਕਾ ਫੈਡਰੇਸ਼ਨ ਆਗੂ ਸ ਜਸਬੀਰ ਸਿੰਘ ਘੁੰਮਣ, ਜਿੰਨਾਂ ਨੇ ਅਪਰੇਸ਼ਨ ਬਲਿਊ ਸਟਾਰ ਤੋਂ ਬਾਦ ਲੰਮਾ ਸਮਾਂ ਜੋਧਪੁਰ ਜੇਲ੍ਹ ਵਿੱਚ ਬਿਤਾਇਆ, ਨੇ ਇਕ ਲਿਖਤੀ ਬਿਆਨ ਵਿੱਚ ਇਤਰਾਜ ਜਤਾਇਆ ਹੈ ਕਿ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਮੀਡੀਆ ਕਵਰੇਜ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਮੀਡੀਆ ਹਾਊਸਾਂ ਨੂੰ ਚਿੱਠੀਆਂ ਲਿਖਣੀਆ ਪਈਆਂ ਹੋਣ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀਆਂ ਗਈਆਂ ਸਰਬ ਪ੍ਰਵਾਨਤ ਕਾਰਵਾਈਆਂ ਦਾ ਪ੍ਰਚਾਰ ਆਪਮੁਹਾਰੇ ਹੁੰਦਾ ਹੈ। ਜਿਸ ਤਰਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਕੁੱਝ ਵੀ ਵਾਪਰਿਆ, ਉਸਨੂੰ ਪੱਤਰਕਾਰਾਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੇ ਰਿਕਾਰਡ ਕੀਤਾ ਸੀ ਅਤੇ ਦੁਨੀਆਂ ਤੱਕ ਪਹੁੰਚਾਇਆ ਸੀ।
ਸ ਘੁੰਮਣ ਨੇ ਐਸ.ਜੀ.ਪੀ.ਸੀ ਨੂੰ ਵੀ ਯਾਦ ਕਰਾਇਆ ਕਿ ਸੌਦਾ ਸਾਧ ਦੀ ਮਾਫੀ ਦੇ ਪ੍ਰਚਾਰ 'ਤੇ ਖਰਚਿਆ 92 ਲੱਖ ਰੁਪਿਆ ਵਿਆਜ ਸਹਿਤ ਜਮਾਂ ਕਰਾਉਣਾ ਪਿਆ ਸੀ। ਕਿਤੇ ਹੁਣ ਵੀ 15 ਜੂਨ ਵਾਲੇ ਹੁਕਮਨਾਮੇ ਦੇ ਪ੍ਰਚਾਰ ਲਈ ਖਰਚਿਆ ਜਾ ਰਿਹਾ ਪੈਸਾ ਵਾਪਸ ਨਾ ਮੋੜਨਾ ਪੈ ਜਾਵੇ। ਕਿਉਂਕਿ ਆਮ ਲੋਕਾਂ ਨੇ ਅਜੇ ਤੱਕ ਉਸ ਹੁਕਮਨਾਮੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ। ਜਿਸਦਾ ਪਤਾ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਹੋਣ ਵਾਲੇ ਵੱਡੇ ਇਕੱਠਾਂ ਤੋਂ ਲੱਗ ਰਿਹਾ ਹੈ। ਸ ਘੁੰਮਣ ਨੇ ਕਿਹਾ ਕਿ ਜਿੰਨੀ ਮੁਸਤੈਦੀ ਨਾਲ ਐਸ.ਜੀ.ਪੀ.ਸੀ ਇਸ ਹੁਕਮਨਾਮੇ 'ਤੇ ਅਮਲ ਕਰ ਰਹੀ ਹੈ, ਜੇ ਉਸਦਾ ਦਸਵਾਂ ਹਿੱਸਾ ਸਰਗਰਮੀ ਵੀ 2 ਦਸੰਬਰ ਵਾਲੇ ਹੁਕਮਨਾਮਿਆ 'ਤੇ ਵਿਖਾਈ ਹੁੰਦੀ ਤਾਂ ਸੁਖਬੀਰ ਬਾਦਲ ਸਾਰਾ ਕੁਝ ਮੰਨ ਕੇ ਮੁਕਰ ਜਾਣ ਦੀ ਹਿੰਮਤ ਕਦੇ ਨਾ ਕਰਦਾ। ਇਸੇ ਤਰਾਂ ਅੱਜ ਧਰਮਯੁੱਧ ਮੋਰਚਾ ਲਾਉਣ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਜੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਮੰਨਿਆਂ ਹੁੰਦਾ ਤਾਂ ਕਿਸੇ ਦੀ ਜੁਰਅਤ ਨਾ ਪੈਂਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਗੀ ਹੋ ਸਕਦਾ। ਮੀਡੀਆ ਨੂੰ ਇਹ ਪ੍ਰੈਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
- Download Babushahi App
-
-