ਮਾਨਸਾ ਦੀ ਕਚਹਿਰੀ ਰੋਡ ਦੀ ਉਸਾਰੀ ਲਟਕਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
ਬਰਸਾਤਾਂ ਕਾਰਨ ਮਹਾਮਾਰੀ ਫੈਲਣ ਦਾ ਖ਼ਦਸ਼ਾ
ਅਸ਼ੋਕ ਵਰਮਾ
ਮਾਨਸਾ 8 ਜੂਨ 2026 :ਮਾਨਸਾ ਸ਼ਹਿਰ ਦੀ ਸਭ ਤੋਂ ਅਹਿਮ ਅਤੇ ਵੀ.ਆਈ.ਪੀ. ਰੋਡ ਦੇ ਨਾਲ ਲੱਗਦੀ ਮਸ਼ਹੂਰ ਕਚਹਿਰੀ ਰੋਡ (ਕੋਰਟ ਰੋਡ) ਦੇ ਅਧੂਰੇ ਨਿਰਮਾਣ ਕਾਰਜ ਅਤੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਸਥਾਨਕ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਲਗਭਗ ਨੌਂ ਮਹੀਨੇ ਪਹਿਲਾਂ ਸੱਤਾਧਾਰੀ ਧਿਰ ਵੱਲੋਂ ਬੜੇ ਉਤਸ਼ਾਹ ਨਾਲ ਲੱਡੂ ਵੰਡ ਕੇ ਅਤੇ ਉਦਘਾਟਨੀ ਟੱਕ ਲਾਕੇ ਇਸ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ, ਜੋ ਹੁਣ ਆਮ ਜਨਤਾ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਚੁੱਕੀ ਹੈ। ਮਾਨਸਾ ਵਿੱਚ ਚੱਲ ਰਹੇ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਠੇਕੇਦਾਰਾਂ ਵੱਲੋਂ ਅਚਾਨਕ ਅੱਧ ਵਿਚਾਲੇ ਛੱਡ ਦਿੱਤਾ ਗਿਆ ਹੈ, ਜਿਸ ਵਿੱਚ ਅਤਿ-ਮਹੱਤਵਪੂਰਨ ਕੋਰਟ ਰੋਡ ਦਾ ਕੰਮ ਵੀ ਸ਼ਾਮਲ ਹੈ।
ਇਸ ਸਬੰਧੀ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਮੁੱਖ ਇਲਾਕਾ ਨਿਵਾਸੀ ਗੁਰਲਾਭ ਸਿੰਘ ਮਾਹਲ (ਐਡਵੋਕੇਟ) ਅਤੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਦੋ ਹਿੱਸਿਆਂ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਕਾਰਨ ਦੋਵੇਂ ਹੀ ਹਿੱਸੇ ਲੋਕਾਂ ਲਈ ਵੱਡੀ ਆਫ਼ਤ ਬਣ ਗਏ ਹਨ। ਉਹਨਾਂ ਦੱਸਿਆ ਕਿ ਸੜਕ ਦਾ ਪਹਿਲਾ 600 ਫੁੱਟ ਦਾ ਹਿੱਸਾ ਬਣਨ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਬੁਰੀ ਤਰ੍ਹਾਂ ਟੁੱਟਣਾ ਸ਼ੁਰੂ ਹੋ ਗਿਆ ਸੀ। ਪੂਰੇ ਪੰਜਾਬ ਵਿੱਚ ਮੁੱਦਾ ਗੂੰਜਣ ਤੋਂ ਬਾਅਦ ਜਦੋਂ ਇਸ ਦੇ ਸੈਂਪਲ ਭਰੇ ਗਏ ਤਾਂ ਉਹ ਫੇਲ੍ਹ ਪਾਏ ਗਏ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਸਥਾਨਕ ਸਰਕਾਰਾਂ (ਲੋਕਲ ਬਾਡੀਜ਼) ਵਿਭਾਗ ਨੂੰ ਲਿਖਿਆ ਗਿਆ ਸੀ। ਹੁਣ ਪਿਛਲੇ ਹਫ਼ਤੇ ਤੋਂ ਇਸ ਸੜਕ ਨੂੰ ਪੁੱਟ ਕੇ ਦੁਬਾਰਾ ਬਣਾਉਣ ਦੀ ਕਵਾਇਦ ਤਾਂ ਸ਼ੁਰੂ ਕੀਤੀ ਗਈ ਹੈ, ਪਰ ਕੰਮ ਬੇਹੱਦ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ।
ਗੁਰਲਾਭ ਸਿੰਘ ਮਾਹਲ ਤੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਬਰਸਾਤਾਂ ਕਾਰਨ ਭਿਆਨਕ ਮਹਾਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਆਗੂਆਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਾਂਹ ਬਰਸਾਤ ਦਾ ਮੌਸਮ ਸਿਰ 'ਤੇ ਹੈ। ਪਿਛਲੇ ਦਿਨੀਂ ਪਏ ਮੀਂਹ ਕਾਰਨ ਪੁੱਟੀ ਹੋਈ ਸੜਕ ਦੇ ਵਿਚਕਾਰ ਵੱਡੇ-ਵੱਡੇ ਟੋਇਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਵਿੱਚੋਂ ਹੁਣ ਸੜਾਂਦ ਅਤੇ ਬਦਬੂ ਆ ਰਹੀ ਹੈ ਅਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ। ਜੇਕਰ ਇਸ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੜਕ ਕਿਸੇ ਵੱਡੇ 'ਟੋਭੇ' ਦਾ ਰੂਪ ਧਾਰਨ ਕਰ ਲਵੇਗੀ ਅਤੇ ਇਲਾਕੇ ਵਿੱਚ ਡੇਂਗੂ, ਮਲੇਰੀਆ ਜਾਂ ਕੋਈ ਹੋਰ ਭਿਆਨਕ ਮਹਾਮਾਰੀ ਫੈਲ ਸਕਦੀ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਠੇਕੇਦਾਰਾਂ ਵੱਲੋਂ ਕੀਤੇ ਪਿਛਲੇ ਪੰਜ ਸਾਲਾਂ ਦੇ ਕੰਮਾਂ ਦੀ ਵਿਜੀਲੈਂਸ ਜਾਂਚ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
- Download Babushahi App
-
-