ਲੁਧਿਆਣਾ ਦੇ ਮਾਡਲ ਟਾਊਨ ਦੀ ਗੋਲ ਮਾਰਕੀਟ ਵਾਲੇ ਪਾਰਕ ਦੀ ਹਾਲਤ ਬਣੀ ਨਰਕ, ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚਿਆ ਮਾਮਲਾ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ 3 ਮਈ 2026
ਸ਼ਹਿਰ ਦੇ ਸਭ ਤੋਂ ਪੌਸ਼ ਇਲਾਕਿਆਂ ਵਿੱਚੋਂ ਇੱਕ ਮੰਨੀ ਜਾਣ ਵਾਲੀ 'ਮਾਡਲ ਟਾਊਨ ਗੋਲ ਮਾਰਕੀਟ' ਦੇ ਪਾਰਕ ਦੀ ਬਦਤਰ ਹਾਲਤ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਡਲ ਟਾਊਨ ਮਾਰਕੀਟ ਵੈਲਫੇਅਰ ਸੁਸਾਇਟੀ ਵੱਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖੇ ਇੱਕ ਤਾਜ਼ਾ ਪੱਤਰ ਵਿੱਚ ਇਲਾਕੇ ਦੀ ਇਸ ਗੰਭੀਰ ਸਥਿਤੀ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ ਗਿਆ ਹੈ। ਸੁਸਾਇਟੀ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਹੁਣ ਕਮਿਸ਼ਨ ਨੂੰ ਦੂਜੀ ਵਾਰ ਯਾਦ ਪੱਤਰ (Reminder-II) ਭੇਜਿਆ ਗਿਆ ਹੈ।
ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਟੱਕਰ ਨੇ ਦੱਸਿਆ ਕਿ ਇਸ ਪਾਰਕ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਨਗਰ ਨਿਗਮ ਦੀਆਂ ਗੰਦਗੀ ਢੋਣ ਵਾਲੀਆਂ ਰੇਹੜੀਆਂ ਪਾਰਕ ਦੇ ਅੰਦਰ ਹੀ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਪਾਰਕ ਦੇ ਵਿਚਕਾਰ ਬਣੇ ਪਖਾਨਿਆਂ ਦੀ ਸਫਾਈ ਨਾ ਹੋਣ ਕਾਰਨ ਹਰ ਵੇਲੇ ਭਿਆਨਕ ਬਦਬੂ ਫੈਲੀ ਰਹਿੰਦੀ ਹੈ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦਾ ਪਾਰਕ ਵਿੱਚ ਆਉਣਾ ਬੰਦ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਚੂਹਿਆਂ ਨੇ ਜ਼ਮੀਨ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ ਅਤੇ ਦੇਸ਼ ਦੀ ਸ਼ਾਨ ਦਾ ਪ੍ਰਤੀਕ 'ਰਾਸ਼ਟਰੀ ਝੰਡਾ' ਵੀ ਅਣਪਛਾਤੇ ਹੁਕਮਾਂ ਤਹਿਤ ਉਤਾਰ ਦਿੱਤਾ ਗਿਆ ਹੈ। ਦੁਕਾਨਦਾਰਾਂ ਅਤੇ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਨਾ ਕੀਤੀ ਗਈ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਬਾਰੇ ਜਦੋਂ ਬਾਗਬਾਨੀ ਵਿਭਾਗ ਦੇ ਜਈ ਕਿਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਬੀ ਐਂਡ ਆਰ ਇਸ ਲਈ ਜਿੰਮੇਵਾਰ ਹਨ ਬੀ ਐਂਡ ਆਰ ਵਿਭਾਗ ਵੱਲੋਂ ਟੈਂਡਰ ਲਗਾ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਜਦੋਂ ਪਾਰਕ ਪੂਰੀ ਤਰਹਾਂ ਬਣ ਜਾਏਗੀ ਤਾਂ ਬਾਗਬਾਨੀ ਵਿਭਾਗ ਨੂੰ ਇਹ ਪਾਰਕ ਸੌਂਪੀ ਜਾਂਦੀ ਹੈ ਤੇ ਇਸ ਤੋਂ ਬਾਅਦ ਸਾਡੀ ਜਿੰਮੇਵਾਰੀ ਬਣ ਜਾਂਦੀ ਹੈ ਇਸ ਦੀ ਸਾਂਭ ਸੰਭਾਲ ਕਰਨ ਦੀ।
Click to Follow Babushahi Facebook page →