ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਸਿਖਲਾਈ ਅਕਾਦਮੀ ਲਈ ਚੁਣੇ ਜਾਣ ਤੇ ਰਾਜਬੀਰ ਸਿੰਘ ਨੂੰ ਕੀਤਾ ਸਨਮਾਨਿਤ
ਦਾਦੇ ਸ਼ਹੀਦ ਅਮਰੀਕ ਸਿੰਘ ਦੇ ਦੋਸਤਾਂ ਤੋਂ ਲਿਆ ਅਸ਼ੀਰਵਾਦ
ਰੋਹਿਤ ਗੁਪਤਾ
ਗੁਰਦਾਸਪੁਰ 19 ਅਪ੍ਰੈਲ ਸੀ ਬੀ ਐਸ ਈ ਦੀ ਦੱਸਵੀਂ ਜਮਾਤ ਵਿਚੋਂ 99.4 ਪ੍ਰਤੀਸ਼ਤ ਨੰਬਰ ਲੈ ਕੇ ਸਨਮਾਨਯੋਗ ਸਥਾਨ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਸਿਖਲਾਈ ਅਕਾਦਮੀ ਮੋਹਾਲੀ ਲਈ ਚੁਣੇ ਜਾਣ ਤੇ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਕਮੇਟੀ ਗੁਰਦਾਸਪੁਰ ਵਲੋਂ ਰਾਜਬੀਰ ਸਿੰਘ ਪਨਿਆੜ ਗਾਂਧੀਆਂ ਨੂੰ ਸਨਮਾਨਿਤ ਕੀਤਾ ਗਿਆ। ਰਾਜਬੀਰ ਸਿੰਘ ਪਨਿਆੜ ਗਾਂਧੀਆਂ ਕਾਮਰੇਡ ਅਮਰੀਕ ਸਿੰਘ ਦਾ ਪੋਤਾ ਹੈ। 1990 ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਕਮੇਟੀ ਵਲੋਂ ਉਨ੍ਹਾਂ ਦੇ ਪੋਤੇ ਰਾਜਬੀਰ ਸਿੰਘ ਪਨਿਆੜ ਗਾਂਧੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ ਗਿਆ । ਆਪਣੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਰਾਜਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਦੱਸਵੀਂ ਜਮਾਤ ਦੀ ਪ੍ਰੀਖਿਆ ਵਿਚੋਂ 500 ਨੰਬਰ ਵਿਚੋਂ 497 ਅੰਕ ਪ੍ਰਾਪਤ ਕੀਤੇ ਹਨ। ਪੰਜਾਬ ਦੇ 3000 ਵਿਦਿਆਰਥੀਆਂ ਵਿਚੋਂ ਉਹਨਾਂ 48 ਸਫ਼ਲ ਵਿਦਿਆਰਥੀਆਂ ਵਿੱਚ ਸ਼ਾਮਲ ਹੋਇਆ ਹੈ ਜੋ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਸਿਖਲਾਈ ਅਕਾਦਮੀ ਲਈ ਚੁਣੇ ਗਏ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸਤਿਬੀਰ ਸਿੰਘ ਸੁਲਤਾਨੀ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਅਤੇ ਅਸ਼ੋਕ ਕੁਮਾਰ ਦਾਨੇਵਾਲ ਸਾਬਕਾ ਐੱਸ ਡੀ ਐਮ ਨੇ ਸਫ਼ਲ ਹੋਏ ਬੱਚੇ ਰਾਜਬੀਰ ਸਿੰਘ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਦਾਦੇ ਅਮਰੀਕ ਸਿੰਘ ਦੀ ਲੋਕ ਹਿਤਾਂ ਲਈ ਕੀਤੀ ਕੁਰਬਾਨੀ ਅਤੇ ਆਪਣੀ ਦਾਦੀ ਸੁਰਿੰਦਰ ਕੌਰ ਦੇ ਮਿਲਟਰੀ ਵਿੱਚ ਕੀਤੀ ਸੇਵਾ ਨੂੰ ਦਿਲੋਂ ਦਿਮਾਗ ਵਿਚ ਰੱਖਦਿਆਂ ਸਖ਼ਤ ਮਿਹਨਤ ਸਦਕਾ ਆਰਮੀ ਦੇ ਸਿਖ਼ਰਲੇ ਪਾਇਦਾਨ ਤੇ ਪੁਹੰਚਣ ਲਈ ਸੰਘਰਸ਼ ਕਰੇ। ਇਸ ਮੌਕੇ ਬਿਕਰਮਜੀਤ ਸਿੰਘ, ਇਫਟੂ ਦੇ ਆਗੂ ਜੋਗਿੰਦਰ ਪਾਲ ਪਨਿਆੜ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਪੰਡੋਰੀ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਦਿਆਲ ਸਿੰਘ ਬਾਲਾਪਿੰਡੀ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਹਰਭਜਨ ਸਿੰਘ ਮਾਂਗਟ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂ ਹਰਦੀਪ ਰਾਜ ਸੰਦੀਪ ਬਾਜਵਾ ਹਾਜ਼ਰ ਸਨ।
Click to Follow Babushahi Facebook page →