ਕੌਮੀ ਜਾਂਚ ਏਜੰਸੀ ਮਜ਼ਦੂਰ ਕਾਰਕੁਨ ਸ਼ਿਵ ਕੁਮਾਰ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ: ਜਮਹੂਰੀ ਫਰੰਟ
ਦਲਜੀਤ ਕੌਰ
ਲੌਂਗੋਵਾਲ, 17 ਅਪ੍ਰੈਲ 2026 : ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ .ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ, ਯਸ਼ ਪਾਲ ਅਤੇ ਸੂਬਾ ਕਮੇਟੀ ਮੈਂਬਰ ਬਲਬੀਰ ਲੌਂਗੋਵਾਲ ਨੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਕਾਰਕੁਨ ਸ਼ਿਵ ਕੁਮਾਰ ਨੂੰ ਕਥਿਤ “ਲਖਨਊ ਸਾਜ਼ਿਸ਼ ਕੇਸ” ਵਿੱਚ ਐੱਨ.ਆਈ.ਏ. ਵੱਲੋਂ ਨੋਟਿਸ ਜਾਰੀ ਕਰਨ ਅਤੇ ਵਾਰ-ਵਾਰ ਤੰਗ-ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਅਜੈ ਕੁਮਾਰ, ਵਿਸ਼ਾਲ ਸਿੰਘ ਅਤੇ ਪ੍ਰਿਆਂਸ਼ੂ ਕਸ਼ਿਅਪ ਨੂੰ ਇਸੇ ਝੂਠੇ ਸਾਜ਼ਿਸ਼ ਕੇਸ ਦੇ ਤਹਿਤ ਜੇਲ੍ਹ ਵਿਚ ਡੱਕਿਆ ਹੋਇਆ ਹੈ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਪੁੱਛਗਿੱਛ ਲਈ ਬੁਲਾ ਕੇ ਅਤੇ ਨੋਟਿਸ ਜਾਰੀ ਕਰਕੇ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਥਿਤ ਨਕਸਲੀ ਸੰਬੰਧਾਂ ਦੀ ਪੁੱਛਗਿੱਛ ਦੇ ਬਹਾਨੇ ਇਹ ਜਾਬਰ ਮੁਹਿੰਮ ਅਸਹਿਮਤੀ ਨੂੰ ਦਬਾਉਣ ਅਤੇ ਮਜ਼ਦੂਰ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੀ ਸੋਚੀ-ਸਮਝੀ ਕਾਰਵਾਈ ਹੈ ਜੋ ਪਿਛਲੇ ਦਿਨੀਂ ਦਿੱਲੀ ਪੁਲਿਸ ਵੱਲੋਂ ਨੌਜਵਾਨ ਲੜਕੀਆਂ ਸਮੇਤ ਵਿਦਿਆਰਥੀ ਕਾਰਕੁਨਾਂ, ਵਕੀਲਾਂ, ਟ੍ਰੇਡ ਯੂਨੀਅਨ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿਚ ਲੈ ਕੇ ਤਸੀਹੇ ਦੇਣ ਦੇ ਜਾਬਰ ਹਮਲੇ ਦੇ ਰੂਪ ਵਿਚ ਸਾਹਮਣੇ ਆਈ ਸੀ। ਦਿੱਲੀ-ਕੌਮੀ ਰਾਜਧਾਨੀ ਖੇਤਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਉਜ਼ਰਤਾਂ ਵਿਚ ਵਾਧੇ ਲਈ ਮਜ਼ਦੂਰਾਂ ਦੇ ਤਾਜ਼ਾ ਸੰਘਰਸ਼ ਨੂੰ ਬਦਨਾਮ ਕਰਨ ਲਈ ਗੜਬੜ ਦੇ ਪਿੱਛੇ ‘ਨਕਸਲੀ’ ਅਤੇ ‘ਆਈ.ਐੱਸ.ਆਈ’ ਦਾ ਹੱਥ ਹੋਣ ਦਾ ਬਿਰਤਾਂਤ ਪ੍ਰਚਾਰਨ ਪਿੱਛੇ ਵੀ ਇਹੀ ਮਨੋਰਥ ਕੰਮ ਕਰ ਰਿਹਾ ਹੈ। ਸੱਤਾ ਦੇ ਇਸ਼ਾਰੇ ’ਤੇ ਪੁਲਿਸ-ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਨਿਰਦੋਸ਼ ਮਜ਼ਦੂਰਾਂ ਨੂੰ ਫੜ-ਫੜਕੇ ਝੂਠੇ ਕੇਸਾਂ ਦੇ ਤਹਿਤ ਜੇਲ੍ਹ ਵਿਚ ਡੱਕਣ ਵਿਰੁੱਧ ਕੋਈ ਵੀ ਇਨਸਾਫ਼ਪਸੰਦ ਜਮਹੂਰੀ ਕਾਰਕੁਨ ਸਾਹਮਣੇ ਆਉਣ ਦਾ ਹੌਸਲਾ ਨਾ ਕਰੇ। ਇਹ ਸੰਗਠਿਤ ਮਜ਼ਦੂਰ ਵਿਰੋਧ ਨੂੰ ਕਮਜ਼ੋਰ ਕਰਨ ਅਤੇ ਕੁਚਲਣ ਦੀ ਇੱਕ ਸੋਚੀ-ਸਮਝੀ ਰਣਨੀਤੀ ਹੈ। ਸ਼ਿਵ ਕੁਮਾਰ ਮਜ਼ਦੂਰ ਹੱਕਾਂ ਨੂੰ ਸਮਰਪਿਤ ਕਾਰਕੁਨ ਹੈ ਅਤੇ ਉਸਨੂੰ ਦਿੱਲੀ ਕਿਸਾਨ ਅੰਦੋਲਨ ਸਮੇਂ ਵੀ ਅਤੇ ਕੁਝ ਹਫ਼ਤੇ ਪਹਿਲਾਂ ਹੀ ਹੋਰ ਕਾਰਕੁਨਾਂ ਦੇ ਨਾਲ ਹਿਰਾਸਤ ਵਿਚ ਲੈ ਕੇ ਬੇਕਿਰਕੀ ਨਾਲ ਤਸੀਹੇ ਦਿੱਤੇ ਗਏ ਸਨ।
ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਸ਼ਿਵ ਕੁਮਾਰ ਨੂੰ ਜਾਰੀ ਕੀਤਾ ਐੱਨ.ਆਈ.ਏਂ ਨੋਟਿਸ ਤੁਰੰਤ ਵਾਪਸ ਲਿਆ ਜਾਵੇ, ਕਥਿਤ ਲਖਨਊ ਸਾਜ਼ਿਸ਼ ਦੀ ਝੂਠੀ ਐੱਫ.ਆਈ.ਆਰ. ਰੱਦ ਕੀਤੀ ਜਾਵੇ ਅਤੇ ਗ੍ਰਿਫਤਾਰ ਕੀਤੇ ਸਾਰੇ ਕਾਰਕੁਨਾਂ ਨੂੰ ਰਿਹਾ ਕੀਤਾ ਜਾਵੇ। ਮਜ਼ਦੂਰ ਅੰਦੋਲਨਾਂ ਅਤੇ ਜਮਹੂਰੀ ਅਸਹਿਮਤੀ ਨੂੰ ਅਪਰਾਧ ਬਣਾਉਣਾ ਬੰਦ ਕੀਤਾ ਜਾਵੇ। ਨੋਇਡਾ ਸਮੇਤ ਕੌਮੀ ਰਾਜਧਾਨੀ ਖੇਤਰ ਵਿਚ ਮਜ਼ਦੂਰ ਸੰਘਰਸ਼ਾਂ ਉੱਪਰ ਜਬਰ ਬੰਦ ਕੀਤਾ ਜਾਵੇ ਅਤੇ ਜੇਲ੍ਹਾਂ ਵਿਚ ਡੱਕੇ ਮਜ਼ਦੂਰਾਂ ਨੂੰ ਤੁਰੰਤ, ਬਿਨਾਂ ਸ਼ਰਤ ਰਿਹਾ ਕੀਤਾ ਜਾਵੇ।
Click to Follow Babushahi Facebook page →