ਜਮਹੂਰੀ ਲਹਿਰ ਦੇ ਨਾਮੀ ਆਗੂ ਐਨ ਕੇ ਜੀਤ ਦਾ ਵਿਛੋੜਾ ਦੁਖਦਾਈ : ਜਮਹੂਰੀ ਅਧਿਕਾਰ ਸਭਾ
ਅਸ਼ੋਕ ਵਰਮਾ
ਬਠਿੰਡਾ ,17 ਅਪ੍ਰੈਲ 2026 : ਕਈ ਦਹਾਕੇ ਜਮਹੂਰੀ ਹਲਕਿਆਂ ਵਿੱਚ ਸਰਗਰਮ ਰਹੇ ਐਨ ਕੇ ਜੀਤ ਦੇ ਸਦੀਵੀ ਵਿਛੋੜੇ ਨੂੰ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਨੇ ਦੁਖਦਾਈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਸ੍ਰੀ ਜੀਤ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਤੇ ਸ਼ੂਗਰ ਦੀ ਬੀਮਾਰੀ ਦੇ ਪੁਰਾਣੇ ਮਰੀਜ਼ ਸਨ l ਇਸ ਸਬੰਧੀ ਅਫਸੋਸ ਪ੍ਰਗਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਣ ਸਿੰਘ, ਸਕੱਤਰ ਪ੍ਰਿਤਪਾਲ ਸਿੰਘ,ਸਕੱਤਰੇਤ ਮੈਂਬਰ ਡਾਕਟਰ ਅਜੀਤਪਾਲ ਸਿੰਘ ਅਤੇ ਪ੍ਰੈਸ ਸਕਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਐਨ ਕੇ ਜੀਤ ਜਮਹੂਰੀ ਅਧਿਕਾਰ ਸਭਾ ਤੇ ਗਠਨ ਵੇਲੇ ਤੋਂ ਇਸ ਦੇ ਮੈਂਬਰ ਬਣੇ ਅਤੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਉਹਨਾਂ ਨੇ ਜਮਹੂਰੀ ਹੱਕਾਂ ਦੀ ਲਹਿਰ ਵਿੱਚ ਯੋਗਦਾਨ ਪਾਇਆ l
ਉਨ੍ਹਾਂ ਕਿਹਾ ਕਿ ਅਨੇਕਾਂ ਟਰੇਡ ਯੂਨੀਅਨ ਘੋਲਾਂ ਵਿੱਚ ਉਹਨਾਂ ਨੇ ਸ਼ਲਾਘਾਯੋਗ ਅਗਵਾਈ ਕਰਦਿਆਂ ਤੇ ਕੁਸ਼ਲਤਾ ਤੇ ਨਿਡਰਤਾ ਦਾ ਪ੍ਰਗਟਾਵਾ ਕੀਤਾ l ਉਹਨਾਂ ਦੀ ਵਰਗ ਸੰਘਰਸ਼ ਵਿੱਚ ਅਡੋਲ ਨਹਿਚਾ ਸੀ l ਟੈਲੀਫੋਨ ਮਹਿਕਮੇ ਦੀਆਂ ਸੇਵਾਵਾਂ ਤੋਂ ਮੁਕਤ ਹੋਣ ਪਿੱਛੋਂ ਉਹ ਆਪਣੀ ਸਿਆਸੀ ਧਿਰ ਲੋਕ ਮੋਰਚਾ ਵਿੱਚ ਸੂਬਾਈ ਪੱਧਰ ਤੇ ਸਰਗਰਮ ਹੋਏ l ਜ਼ਿਆਦਾਤਰ ਮਸਲਿਆਂ ਦੇ ਕਾਨੂੰਨੀ ਪੱਖ ਦੀ ਉਹਨਾਂ ਨੂੰ ਭਰਪੂਰ ਜਾਣਕਾਰੀ ਹੁੰਦੀ ਸੀ ਅਤੇ ਉਹ ਕਿਸੇ ਵੀ ਮਸਲੇ ਦਾ ਕਾਨੂੰਨੀ ਡਰਾਫਟ ਕਰਨ ਦੇ ਮਾਹਰ ਸਨ l ਤਕਰੀਬਨ ਸਾਰੇ ਹੀ ਵਰਗਾਂ ਦੇ ਮੁਲਾਜ਼ਮ ਆਪਣੀਆਂ ਚਾਰਜਸ਼ੀਟਾਂ ਦੇ ਜਵਾਬ ਉਹਨਾਂ ਤੋਂ ਡਰਾਫਟ ਕਰਵਾਉਂਦੇ ਸਨ l ਉਹ ਅੰਗਰੇਜ਼ੀ ਅਤੇ ਪੰਜਾਬੀ ਦੋਨੋਂ ਭਾਸ਼ਾਵਾਂ ਵਿੱਚ ਚੰਗੀ ਮੁਹਾਰਤ ਰੱਖਦੇ ਸਨ । ਮਸਲਿਆਂ ਦੀ ਤੱਥ ਖੋਜ ਪੜਤਾਲ ਕਮੇਟੀਆਂ ਦੇ ਉਹ ਮੈਂਬਰ ਵੀ ਬਣਦੇ ਰਹੇ l ਬਠਿੰਡੇ ਦੀ ਜਨਤਕ ਖੇਤਰ ਦੀ ਧਾਗਾ ਮਿਲ ਦੇ ਮਜ਼ਦੂਰਾਂ ਦੇ ਸੰਘਰਸ਼ ਨੂੰ ਉਹਨਾਂ ਦੀ ਬਾਹਰੀ ਤੇ ਕਨੂੰਨੀ ਹਮਾਇਤ ਰਹੀ l
ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾ ਦੇ ਸੰਘਰਸ਼ ਦੇ ਉਹ ਅੰਗਸੰਗ ਰਹੇ ਅਤੇ ਉਸ ਸੰਘਰਸ਼ ਵਿੱਚ ਵਿਕਟਿਮਮਾਈਜੇਸ਼ਨ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਦੇ ਉਹਨਾਂ ਨੇ ਕੇਸ ਵੀ ਲੜੇ l ਇੱਕ ਰਾਤ ਪ੍ਰਸ਼ਾਸਨ ਵਿਰੋਧੀ ਪੋਸਟਰ ਲਾਉਂਦੇ ਉਹ ਗ੍ਰਿਫਤਾਰ ਵੀ ਕਰ ਲਏ ਗਏ ਸਨ। ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਜਿਲ੍ਹਾ ਇਕਾਈ ਦੇ ਗਠਨ ਵਿੱਚ ਉਹਨਾਂ ਬਹੁਤ ਮਿਹਨਤ ਕੀਤੀ ਅਤੇ ਸਰਗਰਮੀ ਵਿੱਚ ਵੀ ਹਿਸੇਦਾਰ ਰਹੇ l ਫਰੀਦਕੋਟ ਵਿਖੇ ਵਾਪਰੇ ਸ਼ਰੂਤੀ ਕਾਂਡ ਦੀ ਕਾਨੂੰਨੀ ਲੜਾਈ ਵਿੱਚ ਉਹਨਾਂ ਯੋਗਦਾਨ ਪਾਇਆ l ਉਹ ਆਪਣੇ ਪਿੱਛੇ ਪਤਨੀ,ਇੱਕ ਪੁੱਤ ਤੇ ਇੱਕ ਧੀ ਛੱਡ ਗਏ ਹਨ । ਜਮਹੂਰੀ ਚੇਤਨਾ ਮੈਗਜ਼ੀਨ ਦੇ ਉਹ ਸੰਪਾਦਕੀ ਬੋਰਡ ਦੇ ਮੈਂਬਰ ਸਨ l ਉਹਨਾਂ ਦੇ ਸਦੀਵੀ ਵਿਛੋੜੇ ਨਾਲ ਜਮਹੂਰੀ ਹੱਕਾਂ ਦੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ l
Click to Follow Babushahi Facebook page →