ਪਿੰਡ ਬਖਸ਼ੀਵਾਲਾ ਦੇ ਹਾਈ ਸਕੂਲ ਦਾ ਨਾਮ ਗ਼ਦਰੀ ਗੁਲਾਬ ਕੌਰ ਤੇ ਨਾਂ 'ਤੇ ਰੱਖਣ ਸਬੰਧੀ ਡੀਸੀ ਨੂੰ ਮੰਗ ਪੱਤਰ
ਦਲਜੀਤ ਕੌਰ
ਸੰਗਰੂਰ, 17 ਅਪ੍ਰੈਲ, 2026: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦੇ ਸਰਕਾਰੀ ਹਾਈ ਸਕੂਲ ਦਾ ਨਾਂ ਗ਼ਦਰ ਲਹਿਰ ਦੀ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੇ ਨਾਂ 'ਤੇ ਰੱਖਣ ਲਈ ਮੰਗ ਪੱਤਰ ਦਿੱਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਨੇ ਦੱਸਿਆ ਕਿ ਮੰਚ ਦੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਵਿਸਥਾਰ ਵਿੱਚ ਬੀਬੀ ਗੁਲਾਬ ਕੌਰ ਦੀ ਗ਼ਦਰ ਲਹਿਰ ਵਿੱਚ ਦੇਣ ਬਾਰੇ ਦੱਸਿਆ। ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੋਰ ਗ਼ਦਰੀਆਂ ਨਾਲ ਫਿਲੀਪੀਨ ਤੋਂ ਵਾਪਸ ਭਾਰਤ ਆਈ ਸੀ। ਆਗੂਆਂ ਨੇ ਚਾਨਣਾ ਪਾਇਆ ਕਿ ਬੀਬੀ ਗੁਲਾਬ ਕੌਰ 'ਤੇ 13 ਤੋਂ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਹ ਕਿਤਾਬਾਂ ਮੌਕੇ 'ਤੇ ਡਿਪਟੀ ਕਮਿਸ਼ਨਰ ਨੂੰ ਦਿਖਾਈਆਂ ਗਈਆਂ ਅਤੇ ਦੱਸਿਆ ਗਿਆ ਕਿ ਇਹਨਾਂ ਤੋਂ ਬਿਨਾਂ ਵੀ ਹੋਰ ਬਹੁਤ ਸਾਰੀਆਂ ਕਿਤਾਬਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਹੈ। ਸਰਕਾਰ ਵੱਲੋਂ ਲੰਬੇ ਸਮੇਂ ਸਕੂਲ ਦਾ ਨਾਂ ਬੀਬੀ ਗੁਲਾਬ ਕੌਰ ਦੇ ਨਾਮ 'ਤੇ ਰੱਖਣ ਦੇ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਉਹਨਾਂ ਦੇ ਦਫ਼ਤਰ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਕੂਲ ਦਾ ਨਾਂ ਗਦਰੀ ਗੁਲਾਬ ਕੌਰ ਦੇ ਨਾਂ 'ਤੇ ਰੱਖਿਆ ਜਾਵੇਗਾ।
ਇਸ ਮੌਕੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਨੇ ਵੀ ਜ਼ੋਰ ਨਾਲ ਕਿਹਾ ਇਸ ਵਿਚ ਦੇਰੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਵਾਲਿਆਂ ਦਾ ਅਪਮਾਨ ਹੋਵੇਗਾ। ਇਸ ਵਫ਼ਦ ਵਿੱਚ ਉਕਤ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਲਾਭ ਛਾਜਲਾ, ਪਵਨ ਕੁਮਾਰ, ਹਰਗੋਬਿੰਦ ਸ਼ੇਰਪੁਰ, ਗੁਰਚਰਨ ਖੋਖਰ, ਜਗਦੇਵ ਵਰਮਾ, ਚਮਕੌਰ ਮਹਿਲਾਂ, ਸੁਖਜਿੰਦਰ ਸੰਗਰੂਰ, ਪ੍ਰੇਮ ਸਰੂਪ ਤੇ ਗੁਰਦੀਪ ਲਹਿਰਾ ਸ਼ਾਮਿਲ ਸਨ।
- Download Babushahi App
-
-