ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 24 ਮਾਰਚ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਢੁਕਵੇਂ ਅਤੇ ਲੋਕ-ਹਿਤੈਸ਼ੀ ਕਦਮ ਚੁੱਕੇ ਜਾ ਰਹੇ ਹਨ, ਜੋ ਉਹਨਾਂ ਦੀ ਜ਼ਿੰਦਗੀ ਵਿੱਚ ਅਸਲ ਬਦਲਾਅ ਲਿਆ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2022-23 ਤੋਂ 2025-26 ਤੱਕ ਔਰਤਾਂ ਦੇ ਮੁਫ਼ਤ ਬਸ ਸਫਰ ਲਈ ਲਗਭਗ 2042 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਚ 2022-23 ਦੌਰਾਨ 495 ਕਰੋੜ, 2023-24 ਵਿੱਚ 497.50 ਕਰੋੜ, 2024-25 ਵਿੱਚ 450 ਕਰੋੜ ਅਤੇ 2025-26 ਵਿੱਚ 600 ਕਰੋੜ ਰੁਪਏ ਸ਼ਾਮਲ ਹਨ।
ਵਿਧਾਇਕ ਰਾਏ ਨੇ ਦੱਸਿਆ ਕਿ ਇਸ ਸਕੀਮ ਤਹਿਤ ਹਰ ਮਹੀਨੇ ਲਗਭਗ 1 ਕਰੋੜ 20 ਲੱਖ ਮੁਫ਼ਤ ਬਸ ਸਫਰ ਦਾ ਲਾਭ ਪੰਜਾਬ ਭਰ ਦੀਆਂ ਮਹਿਲਾਵਾਂ ਵੱਲੋਂ ਲਿਆ ਜਾ ਰਿਹਾ ਹੈ, ਜੋ ਇਸ ਯੋਜਨਾ ਦੀ ਲੋਕਪ੍ਰਿਯਤਾ ਅਤੇ ਪ੍ਰਭਾਵਸ਼ੀਲਤਾ ਨੂੰ ਸਪਸ਼ਟ ਤੌਰ `ਤੇ ਦਰਸਾਉਂਦਾ ਹੈ। ਉਨ੍ਹਾਂ ਕਿਹਾ ਇਹ ਸਹੂਲਤ ਸਿਰਫ਼ ਮੁਫ਼ਤ ਸਫਰ ਨਹੀਂ, ਸਗੋਂ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਆਜ਼ਾਦੀ ਅਤੇ ਵਿਸ਼ਵਾਸ ਦੀ ਨਵੀਂ ਲਹਿਰ ਹੈ। ਹੁਣ ਉਹ ਬਿਨਾਂ ਆਰਥਿਕ ਚਿੰਤਾ ਦੇ ਸਿੱਖਿਆ, ਰੋਜ਼ਗਾਰ ਅਤੇ ਸਿਹਤ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ, ਜਿਸ ਨਾਲ ਉਹ ਹੋਰ ਖੁਦ-ਮੁਖਤਿਆਰ ਅਤੇ ਮਜ਼ਬੂਤ ਬਣ ਰਹੀਆਂ ਹਨ।
ਵਿਧਾਇਕ ਨੇ ਕਿਹਾ ਕਿ ਮਹਿਲਾਵਾਂ ਦਾ ਸਸ਼ਕਤੀਕਰਨ ਹੀ ਤਰੱਕੀਸ਼ੀਲ ਸਮਾਜ ਦੀ ਬੁਨਿਆਦ ਹੈ ਅਤੇ ਪੰਜਾਬ ਸਰਕਾਰ ਇਸ ਦਿਸ਼ਾ ਵਿੱਚ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਮਾਨ ਸਰਕਾਰ ਨੇ ਮਹਿਲਾਵਾਂ ਨੂੰ 1000 ਰੁਪਏ ਮਹੀਨਾਂ ਅਤੇ ਅਨਸੂਚਿਤ ਜਾਤੀਆਂ ਨਾਲ ਸਬੰਧਿਤ ਮਹਿਲਾਵਾਂ ਨੂੰ 1500 ਰੁਪਏ ਦੇਣ ਦਾ ਫੈਸਲਾ ਕਰਕੇ ਇੱਕ ਹੋਰ ਵੱਡੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮਹਿਲਾਵਾਂ ਦੀ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਅਤੇ ਲੋਕ-ਹਿਤੈਸ਼ੀ ਉਪਰਾਲੇ ਜਾਰੀ ਰਹਿਣਗੇ।
Click to Follow Babushahi Facebook page →