ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਕਿਸਾਨਾਂ ਤੇ ਲਾਠੀਚਾਰਜ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ,24 ਮਾਰਚ 2026: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਜਾਰ਼ ਅੰਮ੍ਰਿਤਸਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਜਬਰ ਢਾਹੁਣ ਅਤੇ ਮੁੱਖ ਆਗੂਆਂ ਸਮੇਤ ਦਰਜ਼ਨਾਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਫੜੇ ਗਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ । ਇੱਕ ਪ੍ਰੈਸ ਬਿਆਨ ਰਾਹੀਂ ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਪੰਜਾਬ ਅੰਦਰ ਆਏ ਰੋਜ ਪੁਲਿਸ ਵੱਲੋਂ ਸੰਘਰਸ਼ ਕਰਦੇ ਕਿਸਾਨਾਂ ,ਮਜ਼ਦੂਰਾਂ, ਮੁਲਾਜ਼ਮਾਂ ਤੇ ਠੇਕਾ ਕਾਮਿਆਂ ਤੇ ਔਰਤਾਂ ਸਮੇਤ ਸਭਨਾਂ ਕਿਰਤੀ ਲੋਕਾਂ ਉੱਤੇ ਲਾਠੀਚਾਰਜ ਕਰਨਾ ਆਮ ਵਰਤਾਰਾ ਬਣ ਚੁੱਕਾ ਹੈ।
ਉਹਨਾਂ ਆਖਿਆ ਕਿ ਵੱਡੇ - ਵੱਡੇ ਦਾਅਵਿਆਂ ਨਾਲ ਸਤਾ 'ਚ ਆਈ ਭਗਵੰਤ ਮਾਨ ਸਰਕਾਰ ਕਿਰਤੀ ਲੋਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਡਾਂਗ ਦੇ ਜੋਰ ਲੋਕਾਂ ਦੀ ਅਵਾਜ਼ ਦਾਬਾਉਣ ਦੇ ਰਾਹ ਪੈ ਗਈ ਹੈ। ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਸੰਘਰਸ਼ਸ਼ੀਲ ਲੋਕਾਂ ਤੋਂ ਇਲਾਵਾ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਦੇ ਲਈ ਉਹਨਾਂ ਦੇ ਪੇਜ਼ ਬੰਦ ਕਰਨ ਅਤੇ ਪਰਚੇ ਦਰਜ ਕਰਨ ਰਾਹੀਂ ਪ੍ਰੈਸ ਦੀ ਅਜਾਦੀ ਦਾ ਘਾਣ ਕਰ ਰਹੀ ਹੈ ਜਿਸਦੀ ਉੱਘੜਵੀਂ ਮਿਸਾਲ ਫੇਸ ਬੁੱਕ 'ਤੇ ਚਲਦੇ ਲੋਕ ਅਵਾਜ਼ ਚੈਨਲ ਅਤੇ ਉਸਦੀ ਮੁਖੀ ਮਨਿੰਦਰਜੀਤ ਸਿੰਘ ਦਾ ਪੇਜ਼ ਕਰੀਬ ਅੱਧੀ ਦਰਜਨ ਵਾਰ ਬੰਦ ਕੀਤਾ ਜਾ ਚੁੱਕਾ ਹੈ। ਉਹਨਾਂ ਆਖਿਆ ਕਿ ਇਹ ਕਾਰਵਾਈਆਂ ਸਾਬਤ ਕਰ ਰਹੀਆਂ ਹਨ ਇੱਥੇ ਲਿਖਣ , ਬੋਲਣ, ਵਿਚਾਰ ਪ੍ਰਗਟਾਉਣ ਅਤੇ ਸੰਘਰਸ਼ ਕਰਨ ਦੀ ਅਜ਼ਾਦੀ ਮਹਿਜ਼ ਦਿਖਾਵਾ ਹੈ ਅਤੇ ਇਹ ਸਭ ਅਜ਼ਾਦੀਆਂ ਹਕੂਮਤਾਂ ਦੀ ਮਰਜ਼ੀ 'ਤੇ ਨਿਰਭਰ ਹਨ। ਉਹਨਾਂ ਆਖਿਆ ਕਿ ਹੋਰਨਾਂ ਹੱਕਾਂ ਵਾਂਗ ਸੰਘਰਸ਼ ਦਾ ਅਧਿਕਾਰ ਵੀ ਲੋਕਾਂ ਨੂੰ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਹੀ ਹਾਸਲ ਕਰਨਾ ਪੈਂਦਾ ਹੈ।
Click to Follow Babushahi Facebook page →