ਪ੍ਰਸਿੱਧ ਗਾਇਕ ਹਰਭਜਨ ਮਾਨ ਨੇ ਸ਼ਾਨਦਾਰ ਪੇਸ਼ਕਾਰੀ ਨਾਲ ਯਾਦਗਾਰੀ ਬਣਾਇਆ ਸਰਸ ਮੇਲਾ
ਭਰਾ ਗੁਰਸੇਵਕ ਮਾਨ ਸਮੇਤ ਸਰਸ ਮੇਲੇ ਵਿੱਚ ਬੰਨ੍ਹਿਆ ਚੰਗਾ ਰੰਗ
ਅਸ਼ੋਕ ਵਰਮਾ
ਮਾਨਸਾ, 18 ਮਾਰਚ 2026:ਅਨਾਜ ਮੰਡੀ ਮਾਨਸਾ ਵਿਖੇ ਲੱਗੇ ਸਰਸ ਮੇਲੇ ਦੀ ਪੰਜਵੀਂ ਸ਼ਾਮ ਆਯੋਜਿਤ ਸੰਗੀਤਕ ਸ਼ਾਮ ਦੌਰਾਨ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਨੇ ਆਪਣੇ ਗੀਤਾਂ ਨਾਲ ਅਜਿਹਾ ਰੰਗ ਬੰਨਿਆ ਕਿ ਇਹ ਸ਼ਾਮ ਲੋਕ ਮਨਾਂ ਵਿੱਚ ਸਦੀਵੀ ਯਾਦ ਉਕੇਰ ਗਈ।ਮਕਬੂਲ ਲੋਕ ਗਾਇਕ ਹਰਭਜਨ ਮਾਨ ਨੇ ਆਪਣੇ ਪ੍ਰਸਿੱਧ ਗੀਤ ਜੀ ਆਇਆਂ ਨੂੰ ਗਾ ਕੇ ਸ਼ੁਰੁਆਤ ਕੀਤੀ ਅਤੇ ਉਸ ਤੋਂ ਬਾਅਦ ਸਰੋਤਿਆਂ ਦੀ ਮੰਗ ਉੱਤੇ ਇੱਕ ਤੋਂ ਬਾਅਦ ਇੱਕ ਪ੍ਰਸਿੱਧ ਗਾਣੇ ਪੇਸ਼ ਕੀਤੇ ਜਿਨ੍ਹਾਂ ਵਿੱਚ 'ਜੱਗ ਜਿਉਂਦਿਆਂ ਦੇ ਮੇਲੇ, ਜੱਗ ਜੰਕਸ਼ਨ ਰੇਲਾਂ ਦਾ, ਕਾਲ ਜਲੰਧਰ ਤੋਂ, ਸਤਰੰਗੀ ਪੀਂਘ, ਯਾਦਾਂ ਰਹਿ ਜਾਣੀਆਂ, ਅਸਾਂ ਨੂੰ ਮਾਣ ਵਤਨਾ ਦਾ, ਪਤਾ ਨੀ ਰੱਬ ਕਿਹੜ੍ਹਿਆਂ ਰੰਗਾਂ ਵਿਚ ਰਾਜ਼ੀ, ਸੰਮੀ ਮੇਰੀ ਵਾਰ ਜਿਹੇ ਹਰੇਕ ਪੀੜ੍ਹੀ ਦੀ ਤਰਜਮਾਨੀ ਕਰਦੇ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨ ਪ੍ਰਚਾਵਾ ਕੀਤਾ।
ਹਾਲਾਂਕਿ ਮੌਸਮ ਵਿੱਚ ਕਾਫੀ ਠੰਡਕ ਸੀ, ਪਰ ਪੰਜਾਬੀ ਗਾਇਕੀ ਦੇ ਇਨ੍ਹਾਂ ਮਾਣਮੱਤੇ ਸਿਤਾਰਿਆਂ ਨੂੰ ਸੁਣਨ ਲਈ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਠੰਡ ਦੇ ਬਾਵਜੂਦ 10 ਹਜ਼ਾਰ ਤੋਂ ਵੀ ਵੱਧ ਦਰਸ਼ਕਾਂ ਨੇ ਮੇਲਾ ਗਰਾਊਂਡ ਵਿੱਚ ਪਹੁੰਚ ਕੇ ਇਸ ਸੰਗੀਤਕ ਸ਼ਾਮ ਦਾ ਭਰਪੂਰ ਆਨੰਦ ਮਾਣਿਆ।ਇਸ ਮੌਕੇ ਹਾਜ਼ਰ ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ ਅਤੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਰਭਜਨ ਮਾਨ ਦੀ ਸਾਫ਼-ਸੁਥਰੀ ਅਤੇ ਮਿਆਰੀ ਗਾਇਕੀ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਦੇ ਨਾਲ ਨਾਲ ਸਿਮਰਨਦੀਪ ਸਿੰਘ ਆਈ.ਏ.ਐਸ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਏਡੀਸੀ ਪੇਂਡੂ ਵਿਕਾਸ ਆਕਾਸ਼ ਬਾਂਸਲ, ਏਡੀਸੀ ਅਨੁਪ੍ਰਿਤਾ ਜੌਹਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ ਸਮੇਤ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਸਰਸ ਮੇਲਾ ਜਿੱਥੇ ਦਸਤਕਾਰੀ ਤੇ ਸ਼ਿਲਪਕਾਰੀ ਅਧਾਰਿਤ ਵਸਤਾਂ ਦੀ ਵਿਕਰੀ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ, ਸਗੋਂ ਪੰਜਾਬੀ ਵਿਰਸੇ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਵੱਡਾ ਮੰਚ ਵੀ ਸਾਬਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ 19 ਮਾਰਚ ਨੂੰ ਗਾਇਕ ਹਰਜੀਤ ਹਰਮਨ, 20 ਮਾਰਚ ਨੂੰ ਗਾਇਕ ਕੰਵਰ ਗਰੇਵਾਲ ਅਤੇ 21 ਮਾਰਚ ਨੂੰ ਆਰ ਨੇਤ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੁੱਜਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਤੋਂ ਵੱਡੀ ਗਿਣਤੀ ਵਿੱਚ ਸਰਸ ਮੇਲਾ ਵਿੱਚ ਸ਼ਾਮਿਲ ਹੋ ਕੇ ਆਨੰਦ ਮਾਨਣ।ਇਸ ਮੌਕੇ ਮਾਲਵਾ ਜ਼ੋਨ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਚੁਸ਼ਪਿੰਦਰਬੀਰ ਚਹਿਲ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼ਰਨਜੀਤ ਕੌਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।
Click to Follow Babushahi Facebook page →