ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਲਾਂਚ: CM ਮਾਨ ਨੇ ਕੀਤੇ ਵੱਡੇ ਐਲਾਨ, ਪੜ੍ਹੋ ਵੇਰਵਾ
ਭਲਕੇ ਔਰਤਾਂ ਲਈ ਹੋਵੇਗਾ ਵਿਸ਼ੇਸ਼ ਐਲਾਨ
ਲੁਧਿਆਣਾ, 7 ਮਾਰਚ, 2026
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਖੇ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਦਯੋਗਪਤੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਉਦਯੋਗਪਤੀਆਂ ਤੋਂ ਕੋਈ 'ਹਿੱਸਾ' ਜਾਂ 'ਲਾਲ ਬੈਗ' ਨਹੀਂ ਮੰਗੇਗੀ, ਸਗੋਂ ਸਾਡੀ ਮੰਗ ਸਿਰਫ਼ ਇਹੀ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਐਲਾਨ ਕੀਤਾ ਕਿ ਉਦਯੋਗਾਂ ਲਈ ਅੱਜ ਦਾ ਦਿਨ ਤੋਹਫ਼ੇ ਵਜੋਂ ਹੈ ਅਤੇ ਭਲਕੇ (8 ਮਾਰਚ ਨੂੰ) ਸਰਕਾਰ ਵੱਲੋਂ ਔਰਤਾਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਜਾਵੇਗਾ।
ਸੂਬੇ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੇਸ਼ ਦੀ ਸਭ ਤੋਂ ਪ੍ਰਗਤੀਸ਼ੀਲ ਨੀਤੀ ਹੈ, ਜਿਸ ਵਿੱਚ ਏਆਈ (AI) ਅਤੇ ਉਦਯੋਗਪਤੀਆਂ ਦੇ 77 ਫੀਸਦੀ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
ਪੰਜਾਬ ਵਿੱਚ ਪਹਿਲੀ ਵਾਰ ਉਦਯੋਗਾਂ ਨੂੰ ਪੂੰਜੀ ਸਬਸਿਡੀਆਂ ਦਿੱਤੀਆਂ ਜਾਣਗੀਆਂ। ਆਧੁਨਿਕੀਕਰਨ ਅਤੇ ਵਿਸਥਾਰ ਲਈ ਵੀ ਵਿਸ਼ੇਸ਼ ਮਦਦ ਮਿਲੇਗੀ।
ਆਈਟੀ (IT) ਸੈਕਟਰ ਵਿੱਚ ਹਰ ਕਰਮਚਾਰੀ ਲਈ ₹5,000 ਅਤੇ ਹੋਰਾਂ ਲਈ ₹3,000 ਪ੍ਰਤੀ ਮਹੀਨਾ ਰੁਜ਼ਗਾਰ ਲਾਭ ਦਿੱਤਾ ਜਾਵੇਗਾ।
ਔਰਤਾਂ ਹੁਣ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਕੰਮ ਕਰ ਸਕਣਗੀਆਂ, ਜਿਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯਕੀਨੀ ਬਣਾਈ ਜਾਵੇਗੀ।
ਸਰਹੱਦੀ ਜ਼ਿਲ੍ਹਿਆਂ ਵਿੱਚ ਉਦਯੋਗ ਲਗਾਉਣ 'ਤੇ 25 ਫੀਸਦੀ ਵਾਧੂ ਪ੍ਰੋਤਸਾਹਨ ਮਿਲੇਗਾ।
ਵਾਤਾਵਰਣ ਦੀ ਸੰਭਾਲ ਲਈ ZLD ਤਕਨਾਲੋਜੀ ਅਪਣਾਉਣ 'ਤੇ 100 ਫੀਸਦੀ ਛੋਟ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਨੀਤੀ ਉਦਯੋਗਪਤੀਆਂ ਲਈ ਇੱਕ 'ਰਨਵੇਅ' ਵਾਂਗ ਹੈ ਤਾਂ ਜੋ ਉਹ ਤਰੱਕੀ ਦੀ ਉੱਚੀ ਉਡਾਣ ਭਰ ਸਕਣ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਨੂੰ ਇੱਕ ਸਿੰਗਲ ਸਿਸਟਮ ਨਾਲ ਜੋੜ ਦਿੱਤਾ ਗਿਆ ਹੈ ਤਾਂ ਜੋ ਕੰਮ ਵਿੱਚ ਤੇਜ਼ੀ ਆਵੇ। ਉਨ੍ਹਾਂ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਦੂਰਦਰਸ਼ੀ ਸੋਚ ਨਹੀਂ ਹੈ। ਸੀਐਮ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਟਾਟਾ ਸਟੀਲ ਲੁਧਿਆਣਾ ਵਿੱਚ ₹3,200 ਕਰੋੜ ਦਾ ਨਿਵੇਸ਼ ਕਰ ਰਹੀ ਹੈ, ਜਿਸ ਦਾ ਪਲਾਂਟ 20 ਮਾਰਚ ਨੂੰ ਖੁੱਲ੍ਹਣ ਜਾ ਰਿਹਾ ਹੈ।
Click to Follow Babushahi Facebook page →