Political Special ਨੇਤਾਵਾਂ ਦਾ ਸਿਆਸੀ ਵੈਲਨਟਾਈਨ: ਸਾਡੀ ਲੱਗਦੀ ਕਿਸੇ ਨਾ ਦੇਖੀ ’ਤੇ ਟੁੱਟਦੀ ਨੂੰ ਜੱਗ ਜਾਣਦਾ
ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2026: ਰਾਜਨੀਤੀ ਕਿਸਮਤ ਦੀ ਖੇਡ ਹੈ ਜੋ ਚਮਕਦੀ ਵੀ ਕਿਸਮਤ ਸਹਾਰੇ ਹੀ ਹੈ। ਪੰਜਾਬ ਦੀ ਰਾਜਨੀਤੀ ਦੇ ਇਹ ਉਹ ‘4’ ਸਿਆਸੀ ਚਿਹਰੇ ਹਨ ਜਿੰਨਾਂ ਦੀ ਰਾਜਨੀਤੀ ਦੇ ਮੈਦਾਨ ’ਚ ਤੂਤੀ ਬੋਲਦੀ ਹੁੰਦੀ ਸੀ। ਜਦੋਂ ਸਿਆਸਤ ਦਾ ਸੂਰਜ ਢਲਿਆ ਤਾਂ ਹੁਣ ਇੰਨਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਰਹਿ ਗਈ ਹੈ। ਇਹ ਵੱਖਰੀ ਗੱਲ ਹੈ ਕਿ ਇਹ ਨੇਤਾ ਕਦੇ ਨਾਂ ਆਪਣੇ ਚੌਕਿਆਂ ਛੱਕਿਆਂ ਜਾਂ ਫਿਰ ਤੱਤੇ ਠੰਢੇ ਬਿਆਨਾਂ ਨਾਲ ਚਰਚਾ ਬਣਦੇ ਰਹਿੰਦੇ ਹਨ। ਦੇਖਣ ’ਚ ਆਉਂਦਾ ਹੈ ਕਿ ਇੰਨਾਂ ਸਿਆਸਤਦਾਨਾਂ ’ਚ ਕੋਈ ਦੋ ਵਾਰ ਮੁੱਖ ਮੰਤਰੀ ਬਣਿਆ, ਕਿਸੇ ਨੂੰ ਕੌਮੀ ਪੱਧਰ ਤੇ ਸਟਾਰ ਪ੍ਰਚਾਰ ਵਜੋਂ ਪਛਾਣ ਬਣੀ ਤਾਂ ਕੋਈ ਕੇਂਦਰੀ ਮੰਤਰੀ ਤੱਕ ਰਿਹਾ ਹੈ ਜਦੋਂਕਿ ਇੱਕ ਤਾਂ ਅਜਿਹਾ ਹੈ ਜਿਸ ਨੇ ਵੱਡੇ ਸਿਆਸੀ ਪ੍ਰੀਵਾਰ ਦੇ ਫਰਜੰਦ ਨੂੰ ਚੋਣਾਂ ਦੌਰਾਨ ਧੋਬੀ ਪਟਕਾ ਮਾਰਕੇ ਦੁਨੀਆਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ ਸੀ।
ਹੁਣ ਇਹੋ ਨੇਤਾ ਇਹੋ ਚਿਹਰੇ ਰਾਜਨੀਤੀ ’ਚ ਸਰਗਰਮ ਤਾਂ ਹਨ ਪਰ ਪਹਿਲਾਂ ਵਾਲਾ ਦਬਦਬਾ ਨਹੀਂ ਹੈ। ਕੋਈ ਸਮਾਂ ਸੀ ਜਦੋਂ ਇੰਨਾਂ ਦੇ ਫੈਸਲਿਆਂ ਅੱਗੇ ਹਾਈਕਮਾਂਡ ਵੀ ਰੁੱਖ ਬਦਲ ਲੈਂਦੀ ਸੀ ਪਰ ਹੁਣ ਉਨਾਂ ਨੂੰ ਆਪਣਾ ਸਿਆਸੀ ਵਜੂਦ ਬਚਾਉਣ ਲਈ ਲੜਾਈ ਲੜਨੀ ਪੈ ਰਹੀ ਹੈ। ਹੁਣ ਜਦੋਂ ਵਿਧਾਨ ਸਭਾ ਚੋਣਾਂ ’ਚ ਮਸਾਂ 10 ਮਹੀਨੇ ਰਹਿ ਗਏ ਹਨ ਤਾਂ ਇੰਨਾਂ ਦੀਆਂ ਸਰਗਰਮੀਆਂ ਇੱਕ ਤਰਾਂ ਨਾਲ ਨਾਂਹ ਦੇ ਬਰਾਬਰ ਹਨ। ਇੰਨਾਂ 4 ਚਿਹਰਿਆਂ ਚੋਂ ਸਭ ਤੋਂ ਅਹਿਮ ਨਾਮ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਹੈ । ਅਸਲ ’ਚ ਕੈਪਟਨ ਅਮਰਿੰਦਰ ਸਿੰਘ ਫੌਜ ’ਚ ਅਫਸਰ ਸਨ। ਗਾਂਧੀ ਪ੍ਰੀਵਾਰ ਦੇ ਨਜ਼ਦੀਕ ਹੋਣ ਕਾਰਨ ਉਹ ਪਹਿਲੀ ਵਾਰ 1980 ’ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ। ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਫੌਜੀ ਕਾਰਵਾਈ ਦਾ ਵਿਰੋਧ ਕਰਦਿਆਂ ਉਨਾਂ 1984 ’ਚ ਅਸਤੀਫਾ ਦੇ ਦਿੱਤਾ ਸੀ।
ਕੈਪਟਨ ਮਗਰੋਂ ਕਾਂਗਰਸ ’ਚ ਪਰਤ ਆਏ ਅਤੇ 2002 ’ਚ ਪਹਿਲੀ ਵਾਰ ਅਤੇ 2017 ’ਚ ਦੂਸਰੀ ਵਾਰ ਮੁੱਖ ਮੰਤਰੀ ਬਣੇ। ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਦੇ ਅਰੁਣ ਜੇਤਲੀ ਨੂੰ ਹਰਾਕੇ ਮੈਂਬਰ ਪਾਰਲੀਮੈਂਟ ਬਣੇ। ਉਹ ਪੰਜਾਬ ਕਾਂਗਰਸ ਦੇ ਲਮਾਂ ਸਮਾਂ ਪ੍ਰਧਾਨ ਰਹੇ ਅਤੇ ਕਈ ਚੋਣਾਂ ਦੌਰਾਨ ਪਾਰਟੀ ਦੀ ਅਗਵਾਈ ਵੀ ਕੀਤੀ। ਇਹ ਉਨਾਂ ਦੀ ਚੜਤ ਦਾ ਦੌਰ ਸੀ ਪਰ ਆਪਣੀ ਕਾਰਜਸ਼ੈਲੀ ਕਾਰਨ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਹੋਈ ਖਿੱਚੋਤਾਣ ਕਾਰਨ 2021 ’ਚ ਉਨਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਆਪਣੀ ਪਾਰਟੀ ਲੋਕ ਕਾਂਗਰਸ ਵੀ ਬਣਾਈ ਪਰ ਨਤੀਜਾ ਜੀਰੋ ਰਿਹਾ ਅਤੇ ਭਾਜਪਾ ’ਚ ਸ਼ਾਮਲ ਹੋ ਗਏ। ਪਾਰਟੀ ’ਚ ਸਰਗਰਮ ਹਨ ਵੀ ਪਰ ਹਨ ਪਰ ਰਾਜਨੀਤੀ ’ਚ ਪਹਿਲਾਂ ਵਰਗੀ ਚਮਕ ਨਹੀਂ ਹੈ। ਹੁਣ ਕਦੇ ਕਿਸੇ ਨਾਂ ਕਿਸੇ ਬਿਆਨ ਕਾਰਨ ਚਰਚਾ ਚੱਲਦੀ ਹੈ ਜੋ ਜਲਦੀ ਹੀ ਮੁੱਕ ਜਾਂਦੀ ਹੈ।
ਇਸ ਲੜੀ ’ਚ ਦੂਸਰਾ ਵੱਡਾ ਨਾਮ ਸਾਬਕਾ ਿਕਟਰ ਨਵਜੋਤ ਸਿੰਘ ਸਿੱਧੂ ਦਾ ਹੈ ਜੋ 2004 ’ਚ ਪਹਿਲੀ ਵਾਰ ਭਾਜਪਾ ਤਰਫੋਂ ਅੰਮਿ੍ਰਤਸਰ ਤੋਂ ਅਤੇ ਉਸ ਮਗਰੋਂ 2007 ਦੀ ਜਿਮਨੀ ਚੋਣ ਅਤੇ 2009 ’ਚ ਵੀ ਮੈਂਬਰ ਪਾਰਲੀਮੈਂਟ ਬਣੇ। ਸਾਲ 2016 ’ਚ ਰਾਜ ਸਭਾ ਮੈਂਬਰ ਬਣੇ ਪਰ ਅਸਤੀਫਾ ਦੇ ਦਿੱਤਾ। ਸਾਲ 2017 ’ਚ ਕਾਂਗਰਸ ਤਰਫੋਂ ਵਿਧਾਨ ਸਭਾ ਚੋਣ ਲੜੀ ਅਤੇ ਉਨਾਂ ਨੂੰ ਵਜ਼ੀਰ ਬਣਾਇਆ ਗਿਆ। ਬੋਲਬਾਣੀ ਤੇ ਪਕੜ ਕਾਰਨ ਭਾਜਪਾ ਅਤੇ ਕਾਂਗਰਸ ਦੋਵਾਂ ’ਚ ਸਟਾਰ ਪ੍ਰਚਾਰਕ ਰਹੇ। ਸਿੱਧੂ ਦਾ ਡਾਇਲਾਗ ‘ਖਟੈਕ’ ਲੋਕਾਂ ’ਚ ਕਾਫੀ ਮਸ਼ਹੂਰ ਹੈ। ਗਾਂਧੀ ਪ੍ਰੀਵਾਰ ਦੇ ਨਜ਼ਦੀਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਕੈਪਟਨ ਵਿਚਕਾਰ ਖੜਕਣ ਤੋਂ ਬਾਅਦ ਸਿੱਧੂ ਦਾ ਸਿਆਸੀ ਨਿਵਾਣਾਂ ਦਾ ਸ਼ੁਰੂ ਹੋਇਆ ਦੌਰ ਉਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ 5 ਸੌ ਕਰੋੜ ਦੇ ਅਟੈਚੀ ਦੇਣ ਸਬੰਧੀ ਬਿਆਨਾਂ ਉਪਰੰਤ ਹੁਣ ਤਕਰਬੀਨ ਹਾਸ਼ੀਏ ਤੇ ਚਲਾ ਗਿਆ ਹੈ।
ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਪਿੱਛੋਂ 1996 ’ਚ ਰਜਿੰਦਰ ਕੌਰ ਭੱਠਲ ਦੀ ਸਿਆਸੀ ਕਿਸਮਤ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਕਾਰਨ ਚਮਕੀ ਜਿਸ ਕਰਕੇ ਸਿਆਸਤ ’ਚ ਉਨਾਂ ਦਾ ਵੱਡਾ ਦਬਦਬਾ ਰਿਹਾ। ਸਾਲ 2002 ਦੀਆਂ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ । ਕੈਪਟਨ ਨੂੰ ਹਟਾਉਣ ਲਈ ਬੀਬੀ ਭੱਠਲ ਨੇ ਮੁਹਿੰਮ ਵਿੱਢ ਦਿੱਤੀ ਤਾਂ ਉਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ । ਸਾਲ 2007 ਦੌਰਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਵੀ ਰਹੀ। ਬੀਬੀ ਭੱਠਲ ਨੇ ਬਾਅਦ ’ਚ ਚੋਣਾਂ ਲੜੀਆਂ ਪਰ ਸਫਲਤਾ ਨਾਂ ਮਿਲ ਸਕੀ। ਉਨਾਂ ਦੇ ਜਿਆਦਾਤਰ ਸਾਥੀ ਹੁਣ ਰਾਜਨੀਤੀ ’ਚ ਸ਼ਾਂਤ ਹਨ ਜਾਂ ਫਿਰ ਪਾਰਟੀਆਂ ਬਦਲ ਲਈਆਂ ਹਨ। ਬੰਬ ਧਮਾਕਕਿਆਂ ਸਬੰਧੀ ਬਿਆਨ ਕਾਰਨ ਉਹ ਚਰਚਾ ਦਾ ਵਿਸ਼ਾ ਬਣੇ ਸਨ। ਬੇਸ਼ੱਕ ਹੁਣ ਉਹ ਕਾਂਗਰਸ ’ਚ ਹਨ ਪਰ ਸਿਆਸੀ ਚਮਕ ਪਹਿਲਾਂ ਜਿਹੀ ਨਹੀਂ ਹੈ।
ਜਗਮੀਤ ਬਰਾੜ ਦਾ ਵਜੂਦ ਦਾਅ ਤੇ
ਸਿਰਫ 22 ਸਾਲ ਦੀ ਉਮਰ ’ਚ 1980 ਵਿੱਚ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਅਤੇ 1999 ’ਚ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਜਗਮੀਤ ਸਿੰਘ ਬਰਾੜ ਦੀ ਟੱਕਰ ਮਹਾਂਰਥੀਆਂ ਨਾਲ ਰਹੀ ਹੈ। ਵਰਕਿੰਗ ਕਮੇਟੀ ਦੇ ਮੈਂਬਰ ਹੋਣ ਕਾਰਨ ਕਾਂਗਰਸ ’ਚ ਪੂਰਾ ਦਬਦਬਾ ਸੀ। ਸਾਲ 2015 ’ਚ ਮੱਤਭੇਦਾਂ ਕਾਰਨ ਪਾਰਟੀ ਛੱਡ ਦਿੱਤੀ। ਉਸ ਮਗਰੋਂ ਅਕਾਲੀ ਦਲ ’ਚ ਸ਼ਾਮਲ ਹੋਏ ਪਰ ਸਨਮਾਨ ਨਹੀਂ ਮਿਲਿਆ ਅਤੇ ਲੰਮਾਂ ਸਮਾਂ ਸ਼ਾਂਤ ਰਹੇ ਬਰਾੜ ਹੁਣ ਭਾਜਪਾ ’ਚ ਹਨ। ਹਾਲੇ ਚੁੱਪ ਹਨ ਅਤੇ ਅਗਲੀਆਂ ਸਰਗਰਮੀਆਂ ਦਾ ਇੰਤਜ਼ਾਰ ਹੈ।