Media ਜਗਤ 'ਚ ਵੱਡੀ ਹਲਚਲ: ਅਮਰੀਕਾ ਦਾ ਚੋਟੀ ਦਾ ਅਖ਼ਬਾਰ ਕਰੇਗਾ ਆਪਣੇ ਸਟਾਫ਼ ਦੀ ਛਾਂਟੀ
'ਵਾਸ਼ਿੰਗਟਨ ਪੋਸਟ' ਕਰੇਗਾ ਵੱਡੀ ਛਾਂਟੀ, 30% ਸਟਾਫ਼ ਦੀ ਜਾਵੇਗੀ ਨੌਕਰੀ
ਵਾਸ਼ਿੰਗਟਨ, 4 ਫਰਵਰੀ 2026- ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅਖ਼ਬਾਰਾਂ ਵਿੱਚੋਂ ਇੱਕ 'ਵਾਸ਼ਿੰਗਟਨ ਪੋਸਟ' ਵਿੱਤੀ ਸੰਕਟ ਦੇ ਚਲਦਿਆਂ ਆਪਣੇ ਸਟਾਫ਼ ਵਿੱਚ ਵੱਡੀ ਕਟੌਤੀ ਕਰਨ ਜਾ ਰਿਹਾ ਹੈ। ਨਿਊ ਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਅਦਾਰੇ ਨੂੰ ਹੋ ਰਹੇ ਭਾਰੀ ਘਾਟੇ ਕਾਰਨ ਮੈਨੇਜਮੈਂਟ ਨੇ ਲਗਭਗ 30 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਛਾਂਟੀ ਦਾ ਸਭ ਤੋਂ ਵੱਧ ਅਸਰ ਅਖ਼ਬਾਰ ਦੇ ਨਿਊਜ਼ਰੂਮ 'ਤੇ ਦੇਖਣ ਨੂੰ ਮਿਲੇਗਾ। ਕੁੱਲ 800 ਪੱਤਰਕਾਰਾਂ ਵਿੱਚੋਂ 300 ਤੋਂ ਵੱਧ ਪੱਤਰਕਾਰਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਖੇਡਾਂ, ਸਥਾਨਕ ਖ਼ਬਰਾਂ ਅਤੇ ਅੰਤਰਰਾਸ਼ਟਰੀ ਕਵਰੇਜ ਕਰਨ ਵਾਲੇ ਵਿਭਾਗ ਇਸ ਫ਼ੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਸੰਪਾਦਕੀ ਸਟਾਫ਼ ਦੇ ਨਾਲ-ਨਾਲ ਕਾਰੋਬਾਰੀ ਵਿਭਾਗ ਦੇ ਕਰਮਚਾਰੀਆਂ 'ਤੇ ਵੀ ਗਾਜ਼ ਡਿੱਗੇਗੀ।
ਅਖ਼ਬਾਰ ਦੇ ਮਾਲਕ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ਼ ਬੇਜ਼ੋਸ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਬੇਜ਼ੋਸ ਦੀ ਮਾਲਕੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਖ਼ਬਾਰ ਨੇ ਕਾਫੀ ਤਰੱਕੀ ਕੀਤੀ ਸੀ, ਪਰ ਉਹ ਡਿਜ਼ੀਟਲ ਯੁੱਗ ਵਿੱਚ ਅਜਿਹਾ ਮਾਡਲ ਤਿਆਰ ਕਰਨ ਵਿੱਚ ਅਸਫ਼ਲ ਰਹੇ ਹਨ ਜੋ ਲੰਬੇ ਸਮੇਂ ਤੱਕ ਮੁਨਾਫ਼ਾ ਦੇ ਸਕੇ।
ਕੀ ਕਹਿਣਾ ਹੈ ਐਗਜ਼ਿਕਿਊਟਿਵ ਐਡੀਟਰ ਦਾ?
ਵਾਸ਼ਿੰਗਟਨ ਪੋਸਟ ਦੇ ਐਗਜ਼ਿਕਿਊਟਿਵ ਐਡੀਟਰ ਮੈਟ ਮਰੇ ਨੇ ਸਟਾਫ਼ ਨਾਲ ਗੱਲਬਾਤ ਕਰਦਿਆਂ ਸਵੀਕਾਰ ਕੀਤਾ ਕਿ ਅਦਾਰਾ ਲੰਬੇ ਸਮੇਂ ਤੋਂ ਵਿੱਤੀ ਨੁਕਸਾਨ ਝੱਲ ਰਿਹਾ ਹੈ। ਅਖ਼ਬਾਰ ਪਾਠਕਾਂ ਦੀਆਂ ਬਦਲਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ। ਹੁਣ ਅਖ਼ਬਾਰ ਸਿਰਫ਼ ਰਾਜਨੀਤੀ, ਕਾਰੋਬਾਰ ਅਤੇ ਸਿਹਤ ਵਰਗੇ ਮੁੱਖ ਵਿਸ਼ਿਆਂ 'ਤੇ ਹੀ ਧਿਆਨ ਕੇਂਦਰਿਤ ਕਰੇਗਾ।
ਮੈਨੇਜਮੈਂਟ ਅਨੁਸਾਰ, ਇਸ ਛਾਂਟੀ ਤੋਂ ਬਾਅਦ ਅਖ਼ਬਾਰ ਆਪਣੀ ਕਵਰੇਜ ਨੂੰ ਸੀਮਤ ਕਰੇਗਾ ਅਤੇ ਸਿਰਫ਼ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਹੀ ਜ਼ੋਰ ਦਿੱਤਾ ਜਾਵੇਗਾ। ਮੀਡੀਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਪ੍ਰਿੰਟ ਮੀਡੀਆ ਦੇ ਡਿਜ਼ੀਟਲ ਦੌਰ ਵਿੱਚ ਡੂੰਘੇ ਹੋ ਰਹੇ ਵਿੱਤੀ ਸੰਕਟ ਦੀ ਇੱਕ ਹੋਰ ਮਿਸਾਲ ਹੈ।
- Download Babushahi App
-
-