ਕਾਂਗਰਸ ਅਤੇ ਆਪ ਦਾ ਮੇਅਰ ਦੀ ਕੁਰਸੀ ਨੂੰ ਲੈ ਕੇ ਹੋਇਆ ਗੁਪਤ ਸਮਝੌਤਾ : ਚਰਨਜੀਤ ਸਿੰਘ ਵਿਲੀ
ਚੰਡੀਗੜ੍ਹ ਮੇਅਰ ਦੀ ਕੁਰਸੀ ਲਈ ਪੜਦੇ ਦੇ ਪਿੱਛੇ ਖੇਡੀ ਜਾ ਰਹੀ ਹੈ ਜੋੜ-ਤੋੜ ਦੀ ਸਿਆਸਤ : ਵਿਲੀ
ਲੋਕਾਂ ਦੇ ਚੁਣੇ ਹੋਏ ਮੈਂਬਰਾ ਨੂੰ ਪੈਸਿਆਂ ਦਾ ਅਤੇ ਉੱਚ ਉਹਦਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ : ਵਿਲੀ
ਚੰਡੀਗੜ੍ਹ , 22 ਜਨਵਰੀ , ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਚਰਨਜੀਤ ਸਿੰਘ ਵਿਲੀ ਨੇ 2026 ਦੀ ਮੇਅਰ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੀ ਮੌਜੂਦਾ ਰਾਜਨੀਤਿਕ ਸਥਿਤੀ ‘ਤੇ ਡੂੰਘੀ ਨਿਰਾਸ਼ਾ ਅਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁਲ ਵਿੱਚ ਲੋਕਤੰਤਰਿਕ ਮੁੱਲਾਂ ਦਾ ਇਸ ਤਰ੍ਹਾਂ ਮਜ਼ਾਕ ਬਣਾਇਆ ਜਾਣਾ ਬਹੁਤ ਹੀ ਦੁੱਖਦਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦਾ ਮੇਅਰ ਦੀ ਕੁਰਸੀ ਨੂੰ ਲੈ ਕੇ ਹੋਇਆ ਗੁਪਤ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਮੇਅਰ ਦੀ ਕੁਰਸੀ ਲਈ ਪੜਦੇ ਦੇ ਪਿੱਛੇ ਖੇਡੀ ਜੋੜ-ਤੋੜ ਦੀ ਸਿਆਸਤ ਕੀਤੀ ਜਾ ਰਹੀ ਹੈ।
ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਲੋਕਾਂ ਨੇ ਆਪਣੇ ਮਤ ਦਾ ਇਸਤੇਮਾਲ ਆਪਣੇ ਇਲਾਕਿਆਂ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਜਿਤਾਇਆ ਪਰ ਅਫਸੋਸ ਉਹਨਾਂ ਜੇਤੂ ਉਮੀਵਾਰਾ ਦੇ ਨਾ ਤਿੰਨੋ ਪਾਰਟੀਆਂ ਹੀ ਚੰਡੀਗੜ੍ਹ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰ ਰਹੀਆਂ ਹਨ। ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਆਪ, ਕਾਂਗਰਸ ਅਤੇ ਭਾਜਪਾ ਤਿੰਨੇ ਇੱਕੋ ਹੀ ਹਨ ਅਤੇ ਸਿਰਫ਼ ਆਪਣੀਆਂ ਸਿਆਸੀ ਸਵਾਰਥਾਂ ਲਈ ਡਰਾਮੇਬਾਜ਼ੀ ਕਰ ਰਹੇ ਹਨ। ਚੰਡੀਗੜ੍ਹ ਦੇ ਵਿਕਾਸ ਅਤੇ ਨਿਵਾਸੀਆਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਇਹ ਪਾਰਟੀਆਂ ਸੱਤਾ ਦੀ ਖਿੱਚਤਾਣ, ਪਿੱਛੇ-ਦਰਵਾਜ਼ੇ ਦੀ ਰਾਜਨੀਤੀ ਅਤੇ ਬੇਸ਼ਰਮੀ ਭਰੀਆਂ ਚਾਲਾਂ ਵਿੱਚ ਲੱਗੀਆਂ ਹੋਈਆਂ ਹਨ, ਜਿਸ ਨਾਲ ਲੋਕਤੰਤਰਿਕ ਪ੍ਰਕਿਰਿਆ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਇਹ ਸਾਰਾ ਚੱਲਦਾ ਡਰਾਮਾ ਧਿਆਨ ਨਾਲ ਦੇਖ ਰਹੇ ਹਨ ਅਤੇ ਇਕ ਵਾਰ ਫਿਰ ਰਾਜਨੀਤਿਕ ਪਾਰਟੀਆਂ ਦੇ ਵਿਹਾਰ ਕਾਰਨ ਸ਼ਰਮਿੰਦਗੀ ਅਤੇ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਸਿਟੀ ਬਿਊਟੀਫੁਲ ਦੇ ਨਾਗਰਿਕ ਪਾਰਦਰਸ਼ੀ ਪ੍ਰਸ਼ਾਸਨ, ਸਥਿਰਤਾ ਅਤੇ ਲੋਕਤੰਤਰਿਕ ਮਰਿਆਦਾਵਾਂ ਦੇ ਸਤਿਕਾਰ ਦੇ ਹੱਕਦਾਰ ਹਨ, ਨਾ ਕਿ ਮੁੜ ਮੁੜ ਹੋਣ ਵਾਲੀ ਸਿਆਸੀ ਨਾਟਕਬਾਜ਼ੀ ਦੇ।
ਚਰਨਜੀਤ ਸਿੰਘ ਵਿਲੀ ਨੇ ਚੰਡੀਗੜ੍ਹ ਦੇ ਮਾਨਯੋਗ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਦਮ ਚੁੱਕੇ ਜਾਣ ਅਤੇ ਐਂਟੀ-ਡਿਫੈਕਸ਼ਨ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਲੋਕਤੰਤਰ ਦੀ ਪਵਿੱਤਰਤਾ ਬਣੀ ਰਹੇ ਅਤੇ ਲੋਕਾਂ ਦੇ ਮੰਡੇਟ ਨਾਲ ਧੋਖਾ ਨਾ ਹੋਵੇ।
ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਯੂਨਿਟ, ਇਸ ਤਰ੍ਹਾਂ ਦੀ ਅਨੈਤਿਕ ਰਾਜਨੀਤੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਚੰਡੀਗੜ੍ਹ ਦੇ ਲੋਕਾਂ ਨਾਲ ਮਿਲ ਕੇ ਸਾਫ਼-ਸੁਥਰੀ, ਜਵਾਬਦੇਹ ਅਤੇ ਅਸੂਲਾਂ ਵਾਲੀ ਸਿਆਸਤ ਲਈ ਡਟਿਆ ਰਹੇਗਾ।