ਜੇਲ੍ਹ ਵਿੱਚ ਡੱਕੇ ਕਿਸਾਨ ਆਗੂ ਰਿਹਾ ਕਰਾਉਣ ਲਈ ਬੀਕੇਯੂ ਉਗਰਾਹਾਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ,15 ਜਨਵਰੀ 2026 :ਸਰਕਾਰੇ ਨੇ ਭਾਵੇਂ ਜੇਹਲੀਂ ਡੱਕ, ਲੈ ਕੇ ਰਹਾਂਗੇ ਆਪਣੇ ਹੱਕ,, ਮਹੀਨਿਆਂ ਬੱਧੀ ਕਿਸਾਨ ਆਗੂਆਂ ਨੂੰ ਜੇਲਾਂ ਚ ਡੱਕਣ ਵਿਰੁੱਧ ਲੱਗੇ ਮੋਰਚੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਰਚੇ ਦੇ ਚੌਥੇ ਦਿਨ ਵੀ ਰੋਸ ਮੁਜਾਹਰਾ ਕਰਕੇ ਬੱਸ ਅੱਡਾ ਚੌਂਕ ਵਿੱਚ ਕਿਸਾਨ ਅਤੇ ਲੋਕ ਵਿਰੋਧੀ ਰਾਜ ਪ੍ਰਬੰਧ ਦੀ ਅਰਥੀ ਫੂਕੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਦੇਸ਼ ਵਿੱਚ ਸਾਮਰਾਜੀ ਦੇਸ਼ਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪੂਰਾ ਰਾਜ ਪ੍ਰਬੰਧ ਤੱਤਪਰ ਹੈ ਜਿਸ ਕਰਕੇ ਪੂਰਾ ਤਾਣ ਜੋਰ ਲੱਗਿਆ ਹੋਇਆ ਹੈ ਤੇ ਇਸ ਦਾ ਵਿਰੋਧ ਕਰ ਰਹੇ ਕਿਸਾਨਾਂ, ਸਮੂਹ ਸੰਘਰਸ਼ਸ਼ੀਲ ਲੋਕਾਂ ਅਤੇ ਬੁੱਧੀਜੀਵੀ ਪੱਤਰਕਾਰਾਂ ਦੀ ਜਬਾਨਬੰਦੀ ਕੀਤੀ ਜਾ ਰਹੀ ਹੈ ।
ਬੁਲਾਰਿਆਂ ਨੇ ਕਿਹਾ ਕਿ ਹੱਕ ਸੱਚ ਦੀ ਆਵਾਜ਼ ਨੂੰ ਧੱਕੇ ਨਾਲ ਦਬਾਇਆ ਨਹੀਂ ਜਾ ਸਕਦਾ ਅਤੇ ਬਠਿੰਡਾ ਜੇਲ੍ਹ ਵਿੱਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਨੂੰ ਰਿਹਾਅ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ । ਉਹਨਾਂ ਦੱਸਿਆ ਕਿ ਸਗਨਦੀਪ ਸਿੰਘ ਜਿਉਦ ਦੀ ਮਾਤਾ ਦੀ ਮੌਤ ਹੋਈ ਨੂੰ ਅੱਜ ਪੰਜ ਦਿਨ ਹੋ ਗਏ ਹਨ ਸਗਨਦੀਪ ਸਿੰਘ ਜੇਲ ਚ ਹੋਣ ਕਾਰਨ ਉਸ ਹਾਲੇ ਤੱਕ ਸਸਕਾਰ ਨਹੀਂ ਹੋਇਆ। ਉਹਨਾਂ ਕਿਹਾ ਕਿ ਕੱਲ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਸਮੇਤ ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਠੇਕਾ ਮੁਲਾਜਮਾਂ ਦੀਆਂ ਜਥੇਬੰਦੀਆਂ ਵੱਲੋਂ ਨਿੱਜੀ ਕਰਨ ਦੀਆਂ ਨੀਤੀਆਂ ਖਿਲਾਫ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾ ਧਰਨਿਆਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਜਿੱਥੇ ਕਿਸਾਨ ਆਗੂਆਂ ਦੀ ਰਿਹਾਈ ਦਾ ਮੁੱਦਾ ਵੀ ਜ਼ੋਰ ਸੋ਼ਰ ਨਾਲ ਉਠਾਇਆ ਜਾਵੇਗਾ। ਅੱਜ ਦੇ ਇਕੱਠ ਨੂੰ ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਬਲਵਿੰਦਰ ਸਿੰਘ ਜਿਉਂਦ, ਟੀ ਐਸ ਯੂ ਦੇ ਆਗੂ ਚੰਦਰ ਸ਼ੇਖਰ, ਆਦਰਸ਼ ਸਕੂਲ ਚੌਕੇ ਤੋਂ ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ।