ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ‘ਰਨ ਫਾਰ ਸਵਦੇਸ਼ੀ’ ਦਾ ਸਫਲ ਆਯੋਜਨ
ਮਨਪ੍ਰੀਤ ਸਿੰਘ
ਰੂਪਨਗਰ 12 ਜਨਵਰੀ
ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ‘ਰਨ ਫਾਰ ਸਵਦੇਸ਼ੀ’ ਦੌੜ ਦਾ ਸਫਲ ਆਯੋਜਨ ਕੀਤਾ ਗਿਆ। ਇਸ ਦੌੜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਅਤੇ ਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਸੀ, ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਦੌੜ ਦਾ ਰੂਟ ਆਈ.ਈ.ਟੀ. ਭੱਦਲ ਕੈਂਪਸ ਦੇ ਨਿਰਧਾਰਿਤ ਖੇਤਰਾਂ ਵਿੱਚ ਤੈਅ ਕੀਤਾ ਗਿਆ ਸੀ। ਇਸ ਮੌਕੇ ਕੈਂਪਸ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰ ਅੱਜ ਦੇ ਨੌਜਵਾਨਾਂ ਲਈ ਸਦੀਵੀ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ‘ਰਨ ਫਾਰ ਸਵਦੇਸ਼ੀ’ ਸਿਰਫ਼ ਇੱਕ ਦੌੜ ਨਹੀਂ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਆਤਮਨਿਰਭਰਤਾ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨ ਵਾਲੀ ਇਕ ਅਹਿਮ ਪਹਿਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਦੇਸ਼ੀ ਉਤਪਾਦ ਅਪਣਾਉਣ, ਦੇਸ਼ੀ ਉਦਯੋਗਾਂ ਨੂੰ ਸਹਿਯੋਗ ਦੇਣ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗਰੁੱਪ ਡਾਇਰੈਕਟਰ (ਅਕਾਦਮਿਕ) ਡਾ. ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਰਨ ਫਾਰ ਸਵਦੇਸ਼ੀ’ ਵਰਗੇ ਕਾਰਜਕ੍ਰਮ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦੌੜ ਦੇ ਵਿਦਿਆਰਥੀ ਵਰਗ (ਲੜਕੇ) ਵਿੱਚੋਂ ਸਾਹਿਲ ਕੁਮਾਰ, ਅਨੰਦ ਪ੍ਰਕਾਸ਼, ਚਾਂਦ ਕੁਜਰਾ ਅਤੇ (ਲੜਕੀਆਂ) ਵਿੱਚੋਂ ਤਰਨਵੀਰ ਕੌਰ ਅਤੇ ਸਮਰਿਤੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਧਿਆਪਕ ਵਰਗ (ਲੜਕੇ) ਵਿੱਚੋਂ ਵਿਜੇ ਕੁਮਾਰ, ਸ਼ਰਦ, ਕੁਲਵੀਰ ਸਿੰਘ ਅਤੇ (ਲੜਕੀਆਂ) ਨੇਹਾ ਮਹਿੰਦਿਰੱਤਾ, ਦਾਮਿਨੀ ਅਤੇ ਪੂਜਾ ਸ਼ਰਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਮੈਡੀਕਲ ਸਹਾਇਤਾ, ਟਾਈਮ ਕੀਪਿੰਗ, ਵਲੰਟੀਅਰ ਪ੍ਰਬੰਧ ਅਤੇ ਰਿਫ੍ਰੈਸ਼ਮੈਂਟ ਆਦਿ ਦੀ ਉਚਿਤ ਵਿਵਸਥਾ ਕੀਤੀ ਗਈ ਸੀ। ਕਾਰਜਕ੍ਰਮ ਦੇ ਅੰਤ ਵਿੱਚ ਡਾ. ਬਿੰਦਰਾ ਵੱਲੋਂ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ‘ਰਨ ਫਾਰ ਸਵਦੇਸ਼ੀ’ ਦੇ ਸਾਰੇ ਭਾਗੀਦਾਰਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਬਿੰਦਰਾ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਲਈ ਕੋਆਰਡੀਨੇਟਰ ਉਂਕਾਰ ਸਿੰਘ ਅਤੇ ਕਮੇਟੀ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਕੰਚਨ ਸ਼ਰਮਾ, ਭਵਨਪ੍ਰੀਤ ਕੌਰ, ਨਿਲੇਸ਼ਵਰ ਟਾਕ, ਰੋਹਿਤ ਚੰਡੇਲ, ਭਰਤ ਭੂਸ਼ਨ, ਯੋਗੀਤਾ ਸ਼ਰਮਾਂ, ਤੇਜਿੰਦਰ ਕੌਰ ਆਦਿ ਹਾਜ਼ਰ ਸਨ।