SSP ਮੁਕਤਸਰ ਸਾਹਿਬ ਵੱਲੋਂ ਮਾਘੀ ਮੇਲੇ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਅਤੇ ਚੈਕਿੰਗ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 5 ਜਨਵਰੀ 2025: ਅਭਿਮੰਨਿਊ ਰਾਣਾ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਹਿਲਾਂ ਤੋਂ ਹੀ ਮਜ਼ਬੂਤ ਅਤੇ ਪੁਖ਼ਤਾ ਸੁਰਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਵੀ ਲੋਕਾਂ ਨੇ ਵੇਖਿਆ ਹੈ, ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਅਧਾਰ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਅਤੇ ਖ਼ਾਸ ਕਰਕੇ ਮੇਲਾ ਮਾਘੀ ਦੇ ਮੱਦੇਨਜ਼ਰ ਅੱਜ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਸਿਲਸਿਲੇ ਵਿੱਚ ਉਹ ਖੁਦ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਨਾਕਿਆਂ ਦਾ ਮੁਆਇਨਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਕਾਬੰਦੀ ਸਹੀ ਢੰਗ ਨਾਲ ਲਗਾਈ ਗਈ ਹੈ ਅਤੇ ਚੈਕਿੰਗ ਪ੍ਰਭਾਵਸ਼ਾਲੀ ਤਰੀਕੇ ਨਾਲ ਹੋ ਰਹੀ ਹੈ। ਇਸ ਦੌਰਾਨ ਕੋਟਕਪੂਰਾ ਚੌਂਕ, ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਖ਼ਤੀ ਨਾਲ ਵਹੀਕਲਾਂ ਦੀ ਚੈਕਿੰਗ ਕੀਤੀ ਗਈ।
ਐਸ.ਐਸ.ਪੀ ਨੇ ਕਿਹਾ ਕਿ ਨਾਕਾਬੰਦੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਾੜਾ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰ ਸਕੇ ਅਤੇ ਆਉਣ ਵਾਲੇ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਘਟਨਾ ਨੂੰ ਰੋਕਿਆ ਜਾ ਸਕੇ। ਨਾਕਿਆਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਕਾਨੂੰਨ ਅਨੁਸਾਰ ਚਲਾਨ ਕੀਤੇ ਜਾ ਰਹੇ ਹਨ ਅਤੇ ਜਰੂਰਤ ਪੈਣ ’ਤੇ ਵਹੀਕਲ ਇੰਪਾਊਂਡ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗਲਤ ਨੰਬਰ ਪਲੇਟਾਂ, ਗੈਰ-ਕਾਨੂੰਨੀ ਸੋਧਾਂ, ਟ੍ਰਿਪਲ ਰਾਈਡਿੰਗ ਅਤੇ ਬਿਨਾਂ ਵਜ੍ਹਾ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਦੀ ਵੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਅਤੇ 26 ਜਨਵਰੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਨਾਕਾਬੰਦੀ ਅਤੇ ਪੈਟਰੋਲਿੰਗ ਰੂਟੀਨ ਅਧਾਰ ’ਤੇ ਜਾਰੀ ਰਹੇਗੀ।
ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੰਗਤ ਦੀ ਆਵਾਜਾਈ ਅਤੇ ਭੀੜ ਵੱਧਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਫੋਰਸ ਦੀ ਵੱਧ ਤੋਂ ਵੱਧ ਤਾਇਨਾਤੀ ਕੀਤੀ ਜਾ ਰਹੀ ਹੈ ਤਾਂ ਜੋ ਸੜਕਾਂ ’ਤੇ ਪੁਲਿਸ ਦੀ ਪੂਰੀ ਵਿਜ਼ੀਬਿਲਟੀ ਬਣੀ ਰਹੇ ਅਤੇ ਕਿਸੇ ਵੀ ਮਾੜੀ ਨੀਅਤ ਵਾਲੇ ਵਿਅਕਤੀ ਨੂੰ ਗਲਤ ਕੰਮ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸਦੇ ਨਾਲ ਹੀ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇਗੀ। ਤਕਰੀਬਨ 5000 ਦੇ ਕਰੀਬ ਬਾਹਰਲੀ ਫੋਰਸ ਨੂੰ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ, ਪੈਟਰੋਲਿੰਗ ਅਤੇ ਸੁਰੱਖਿਆ ਡਿਊਟੀਆਂ ਲਈ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਮੇਲਾ ਮਾਘੀ ਨੂੰ ਬਿਲਕੁਲ ਇਨਸੀਡੈਂਟ ਫਰੀ ਢੰਗ ਨਾਲ ਸੰਪੰਨ ਕਰਵਾਇਆ ਜਾਵੇਗਾ। ਟ੍ਰੈਫਿਕ ਵਿੰਗ ਅਤੇ ਜ਼ਿਲ੍ਹਾ ਪੁਲਿਸ ਫੋਰਸ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਤੇ ਵੀ ਟ੍ਰੈਫਿਕ ਸੰਬੰਧੀ ਕੋਈ ਸਮੱਸਿਆ ਪੈਦਾ ਨਾ ਹੋਵੇ। ਇਸ ਸਬੰਧ ਵਿੱਚ ਆਮ ਲੋਕਾਂ ਦੇ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਹੈ ਕਿ ਉਹ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨ।
ਇਸ ਮੌਕੇ ਐਸ.ਐਸ.ਪੀ ਵੱਲੋਂ ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਖੁਦ ਮੌਕੇ ’ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਸ਼ੱਕੀ ਵਹੀਕਲਾਂ ਦੀ ਨਿੱਜੀ ਤੌਰ ’ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਵਹੀਕਲਾਂ ਦੇ ਦਸਤਾਵੇਜ਼ ਅਧੂਰੇ ਜਾਂ ਗਲਤ ਪਾਏ ਗਏ, ਉਨ੍ਹਾਂ ਦੇ ਕਾਨੂੰਨ ਅਨੁਸਾਰ ਚਲਾਨ ਕੀਤੇ ਗਏ।ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੀਮਤੀ ਹਰਕਮਲ ਕੌਰ ਐਸ.ਪੀ (ਹੈੱਡਕੁਆਰਟਰ), ਸ਼੍ਰੀ ਬਚਨ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।