ਪੀਪਲਜ਼ ਲਿਟਰੇਰੀ ਫੈਸਟੀਵਲ: ਫਾਸ਼ੀਵਾਦੀ ਦੌਰ 'ਚ ਲੋਕ ਲਹਿਰਾਂ ਦਾ ਉੱਠਣਾ ਲਾਜ਼ਮੀ: ਸੁਮੇਲ ਸਿੰਘ ਸਿੱਧੂ
ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2025: ਅੱਠਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲਾ ਸ਼ੈਸ਼ਨ ਵਿਚ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਲੜੀ ਅਧੀਨ ਭਾਰਤੀ ਕੌਮ ਦਾ ਰਾਜਨੀਤਕ ਕਿੱਸਾ ਸਾਹਿਤਕ ਪਰੰਪਰਾ ਅਤੇ, ਇਤਿਹਾਸ-ਚੇਤਨਾ ਦਾ ਸਵਾਲ ਤੇ ਬੋਲਦਿਆਂ ਪ੍ਰਸਿਧ ਇਤਿਹਾਸਕਾਰ ਪ੍ਰੋ. ਅਵਿਨਾਸ਼ ਕੁਮਾਰ, ਦਿੱਲੀ ਨੇ ਕਿਹਾ ਕਿ ਇਤਿਹਾਸ ਅਤੇ ਸਾਹਿਤਕ ਪਰੰਪਰਾ ਦਾ ਰਿਸ਼ਤਾ ਪੇਚੀਦਾ ਅਤੇ ਬਹੁਪਰਤੀ ਹੈ। ਸਾਹਿਤ ਇਤਿਹਾਸ ਦਾ ਪੂਰਕ ਵੀ ਹੈ; ਦਸਤੇਵਜ਼ ਵੀ ਅਤੇ ਇਹਿਤਾਸ ਦੇ ਬਿਆਨੀਏ ਨੂੰ ਵੰਗਾਰਦਾ ਵੀ ਹੈ। ਬਸਤੀਵਾਦੀ ਸ਼ਾਸ਼ਨ ਦੌਰਾਨ ਹਿੰਦੀ ਦੇ ਬੁਧੀਜੀਵੀਆਂ ਨੇ ਇਕ ਆਦਰਸ਼ ਪੁਰਾਤਨਤਾ, ਉਸਦਾ ਮਧਕਾਲੀ ਨਿਘਾਰ ਅਤੇ ਹੁਣ ਉਸਦੀ ਪੁਨਰ ਸਥਾਪਨਾ ਦੀ ਵੰਗਾਰ ਨੂੰ ’ਭਾਰਤੀ ਕੌਮ ਦੀ ਘਾੜਤ ਲਈ ਜ਼ਰੂਰੀ ਅੰਗਿਆ। ਪ੍ਰਗਤੀਵਾਦੀ ਦੌਰ ਵਿਚ ਪ੍ਰੇਮ ਚੰਦ, ਮਹਾਦੇਵੀ ਵਰਮਾ ਅਤੇ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇਸ ਸੱਜੇ ਪੱਖੀ ਘਾੜਤ ਦੇ ਖਿਲਾਫ਼ ਵਿਚਾਰਧਾਰਕ ਪੈਂਤੜਾ ਲਿਆ।
ਇਸ ਸ਼ੈਸ਼ਨ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਵਿਦਵਾਨ ਸਵਰਨ ਸਿੰਘ ਵਿਰਕ ਕਿਹਾ ਪੰਜਾਬੀ ਲੋਕਾਧਾਰਾ, ਸਾਹਿਤ ਅਤੇ ਕਵਿਤਾ ਨੂੰ ਵੀ ਲੁਕਾਈ ਦੇ ਇਤਿਹਾਸ ਵਜੋਂ ਪੜਿਆ ਜਾ ਸਕਦਾ ਹੈ। ਇਸ ਸ਼ੈਸ਼ਨ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਹਾਜ਼ਰ ਵਿਦਵਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਦੂਜੇ ਸ਼ੈਸ਼ਨ ਵਿਚ ਪ੍ਰੋ. ਕਿਸ਼ਨ ਸਿੰਘ ਦੀ 1967 ਦੀ ਲਿਖਤ ’ਪੰਜਾਬੀ ਸੂਬੇ ਵਿਚ ਰਾਜਸੀ ਸੇਧ’ ਉਤੇ ਇਕਾਗਰ ਚਿਤ ਭਰਵੀਂ ਚਰਚਾ ਹੋਈ। ਅਰਥਸ਼ਾਸਤਰੀ ਡਾ.ਬਲਦੇਵ ਸਿੰਘ ਸ਼ੇਰਗਿਲ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਕਿਸਾਨਾਂ ਦੀ ਇਤਿਹਾਸਕ ਸਿਮਰਤੀ ਵਿਚ ਸਿੱਖ ਲਹਿਰ ਦੇ ਇਨਕਲਾਬੀ ਚਰਿਤਰ ਪ੍ਰਤੀ ਭਰਵਾਂ ਵੇਗ ਹੈ ਅਤੇ ਪ੍ਰੋ. ਕਿਸ਼ਨ ਸਿੰਘ ਇਸ ਵੇਗ ਨੂੰ ਇਨਕਲਾਬੀ ਸਿਆਸਤ ਦੇ ਆਧਾਰ ਵਜੋਂ ਪ੍ਰਮਾਣਿਤ ਕਰਦੇ ਹਨ।
ਆਦਾਰਾ 23 ਮਾਰਚ ਦੇ ਨਿਰਦੇਸ਼ਕ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਫਾਸ਼ੀਵਾਦੀ ਦੌਰ ਵਿਚ ਇਕ ਪਾਸੇ ਲੋਕ ਲਹਿਰਾਂ ਦਾ ਉਠਣਾ ਲਾਜ਼ਮੀ ਹੋ ਗਿਆ ਹੈ ਅਤੇ ਦੂਜੇ ਪਾਸੇ ਮਾਰਕਸਵਾਦੀ ਧਿਰਾਂ ਵੱਡੀ ਖੜੋਤ ਵਿਚ ਹਨ। ਪੰਜਾਬ ਦੀ ਸਥਾਨਕਤਾ ਅਤੇ ਸਿਮਰਤੀ ਦੀ ਲੋਕ ਹਿਤੂ ਵਿਆਖਿਆ ਖੜੀ ਕਰਨੀ ਇਸ ਸਮੇਂ ਬੁਨਿਆਦੀ ਰਾਜਸੀ ਕਾਰਜ ਹੈ ਅਤੇ ਇਸ ਸੰਦਰਭ ਵਿਚ ਪ੍ਰੋ. ਕਿਸ਼ਨ ਸਿੰਘ ਦੀਆਂ ਲਿਖਤਾਂ ਨੂੰ ਮੁੜ ਵਾਚਣਾ ਸਾਰੀਆਂ ਧਿਰਾਂ ਦੀ ਅਣਸਰਦੀ ਲੋੜ ਹੈ। ਭਖਵੀਂ ਵਿਚਾਰ ਚਰਚਾ ਵਿਚ ਪ੍ਰੋ. ਇਕਬਾਲ ਸਿੰਘ, ਲਵਪ੍ਰੀਤ ਫੋਰੋਕੇ, ਅਮਨ ਸੇਖੋਂ, ਗੁਰਦੇਵ ਸਿੰਘ ਗਿਲ, ਬਲਵਿੰਦਰ ਸਿੰਘ, ਲਾਲ ਚੰਦ ਸਿੰਘ ਅਤੇ ਹੋਰਨਾਂ ਨੇ ਪੰਜਾਬੀ ਬੋਲੀ ਅਤੇ ਲਿਪੀ, ਹਿੰਦੂ ਬੁਰਜੂਆਜ਼ੀ, ਮਾਰਕਸਵਾਦੀ ਵਿਸ਼ਲੇਸਣ ਬਾਬਤ ਆਪਣੇ ਅਹਿਮ ਨੁਕਤੇ ਰਖੇ। ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਪੰਦਰਾਂ ਤੋਂ ਵਧੇਰੇ ਪੁਸਤਕ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਵਿਚ ਡੂੰਘੀ ਦਿਲਚਸਪੀ ਦਿਖਾਈ। ਚਿਤਰ ਪ੍ਰਦਰਸ਼ਨੀ ਵਿਚ ਵੀ ਦਰਸ਼ਕਾਂ ਦੀ ਡਾਹਢੀ ਦਿਲਚਸਪੀ ਲਈ।