ਫਿਰੋਜ਼ਪੁਰ ਦੇ 10 ਸਾਲਾ ਸ਼ਰਵਣ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ ;CM Mann
ਰਾਸ਼ਟਰਪਤੀ ਵੱਲੋਂ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ
ਨਵੀਂ ਦਿੱਲੀ/ਚੰਡੀਗੜ੍ਹ, 26 ਦਸੰਬਰ:
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਚੱਕ ਤਾਰਨ ਵਾਲੀ ਦੇ ਰਹਿਣ ਵਾਲੇ 10 ਸਾਲਾ ਸ਼ਰਵਣ ਸਿੰਘ ਨੇ ਅੱਜ ਦੇਸ਼ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸ਼ਰਵਣ ਸਿੰਘ ਨੂੰ ਉਸਦੀ ਬਹਾਦਰੀ ਅਤੇ ਨਿਰਸਵਾਰਥ ਸੇਵਾ ਲਈ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ-2025' ਨਾਲ ਸਨਮਾਨਿਤ ਕੀਤਾ ਗਿਆ।
ਇਸ ਮਾਣਮੱਤੀ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਸਿੱਖਿਆ 'ਤੇ ਚੱਲਦੇ ਹੋਏ 'ਆਪ੍ਰੇਸ਼ਨ ਸਿੰਦੂਰ' ਦੌਰਾਨ ਸ਼ਰਵਣ ਸਿੰਘ ਵੱਲੋਂ ਦਿਖਾਇਆ ਗਿਆ ਜਜ਼ਬਾ ਕਾਬਿਲ-ਏ-ਤਾਰੀਫ਼ ਹੈ।
ਆਪ੍ਰੇਸ਼ਨ ਸਿੰਦੂਰ ਵਿੱਚ ਨਿਭਾਈ ਅਹਿਮ ਭੂਮਿਕਾ
ਜ਼ਿਕਰਯੋਗ ਹੈ ਕਿ ਸਰਹੱਦੀ ਤਣਾਅ ਦੌਰਾਨ ਚਲਾਏ ਗਏ 'ਆਪ੍ਰੇਸ਼ਨ ਸਿੰਦੂਰ' ਵੇਲੇ ਸ਼ਰਵਣ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਫੌਜੀ ਜਵਾਨਾਂ ਦੀ ਸੇਵਾ ਕੀਤੀ ਸੀ। ਉਹ ਰੋਜ਼ਾਨਾ ਆਪਣੇ ਘਰੋਂ ਫੌਜੀ ਜਵਾਨਾਂ ਲਈ ਚਾਹ-ਪਾਣੀ, ਲੱਸੀ ਅਤੇ ਖਾਣਾ ਲੈ ਕੇ ਜਾਂਦਾ ਸੀ। ਛੋਟੀ ਉਮਰ ਵਿੱਚ ਦੇਸ਼ ਦੇ ਰਖਵਾਲਿਆਂ ਪ੍ਰਤੀ ਅਜਿਹਾ ਹੌਸਲਾ ਦੇਖ ਕੇ ਭਾਰਤੀ ਫੌਜ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਸੀ ਅਤੇ ਹੁਣ ਭਾਰਤ ਸਰਕਾਰ ਵੱਲੋਂ ਉਸ ਨੂੰ ਬੱਚਿਆਂ ਲਈ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ।
ਮੁੱਖ ਮੰਤਰੀ ਨੇ ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ।